ਚੰਡੀਗੜ੍ਹ: ਕਿਸੇ ਵੀ ਕਹਾਣੀ ਦਾ ਸਭ ਤੋਂ ਜ਼ਰੂਰੀ ਹਿੱਸਾ ਹੁੰਦੇ ਹਨ ਹੀਰੋ ਤੇ ਵਿਲੇਨ। ਇੱਥੇ ਕੁਝ ਹੀਰੋ-ਵਿਲੇਨ ਜੋੜੀਆਂ ਹਨ ਜਿਨ੍ਹਾਂ ਨੂੰ ਆਪਾਂ ਦੋਸਤਾਂ ਦੇ ਰੂਪ ਵਿੱਚ ਸੋਚ ਵੀ ਨਹੀਂ ਸਕਦੇ। ਅਜਿਹੀ ਹੀ 80 ਤੇ 90 ਦੇ ਦਹਾਕੇ ਦੀ ਹੀਰੋ-ਵਿਲੇਨ ਦੀ ਜੋੜੀ ਹੈ ਯੋਗਰਾਜ ਸਿੰਘ ਤੇ ਗੁੱਗੂ ਗਿੱਲ ਦੀ।
ਅਸੀਂ ਅਜਿਹੀਆਂ ਬਹੁਤ ਸਾਰੀਆਂ ਫ਼ਿਲਮਾਂ ਦੇਖੀਆਂ ਹਨ ਜਿਸ ਵਿੱਚ ਇਨ੍ਹਾਂ ਨੇ ਦੁਸ਼ਮਣੀ ਦਾ ਨਵਾਂ ਮਿਆਰ ਰਚਿਆ ਹੈ। ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਆਉਣ ਵਾਲੀ ਫਿਲਮ 'ਲੁੱਕਣ ਮੀਚੀ' ਲਈ ਯੋਗਰਾਜ ਸਿੰਘ ਤੇ ਗੁੱਗੂ ਗਿੱਲ ਵੱਡੇ ਪਰਦੇ 'ਤੇ ਦੋਸਤਾਂ ਦੇ ਰੂਪ ਵਿੱਚ ਦਿਖਣਗੇ। ਹਾਲ ਹੀ ਵਿੱਚ ਇਸੇ ਫਿਲਮ ਦੇ ਇੱਕ ਗੀਤ ਦਾ ਸ਼ੂਟ ਲੁਧਿਆਣਾ ਦੇ ਇੱਕ ਪਿੰਡ ਰਕਬਾ ਵਿੱਚ ਕੀਤਾ ਗਿਆ ਜੋ ਇਨ੍ਹਾਂ ਦੀ ਦੋਸਤੀ ਨੂੰ ਦਰਸਾਉਂਦੇ ਹੋਏ ਫਿਲਮਾਇਆ ਗਿਆ।
ਇਸ ਗੀਤ ਦੇ ਸ਼ੂਟ ਦੌਰਾਨ ਗੁੱਗੂ ਗਿੱਲ ਨੇ ਕਿਹਾ, “ਅਸੀਂ ਹਮੇਸ਼ਾ ਇੱਕ ਦੂਜੇ ਦੇ ਖਿਲਾਫ ਦੁਸ਼ਮਣਾਂ ਦੀ ਤਰ੍ਹਾਂ ਹੀ ਕੰਮ ਕੀਤਾ ਹੈ ਪਰ ਇਹ ਪਹਿਲੀ ਵਾਰ ਹੈ ਕਿ ਸਾਨੂੰ ਪਰਦੇ 'ਤੇ ਦੋਸਤ ਬਣਨ ਦਾ ਮੌਕਾ ਮਿਲਿਆ ਪਰ ਅਸਲ ਵਿੱਚ ਅਸੀਂ ਬਹੁਤ ਹੀ ਵਧੀਆ ਦੋਸਤ ਹਾਂ। ਯੋਗਰਾਜ ਸਿੰਘ ਮੇਰੇ ਲਈ ਮੇਰੇ ਵੱਡੇ ਭਰਾ ਦੀ ਤਰ੍ਹਾਂ ਹਨ। ਅਸੀਂ ਬਹੁਤ ਸਾਰੇ ਪ੍ਰੋਜੈਕਟਾਂ ਤੇ ਇਕੱਠੇ ਕੰਮ ਕੀਤਾ ਹੈ ਕਿ ਅਸੀਂ ਇੱਕ ਦੂਜੇ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਾਂ।"
ਯੋਗਰਾਜ ਸਿੰਘ ਨੇ ਕਿਹਾ, “ਦਰਸ਼ਕਾਂ ਲਈ ਮੈਂ ਤੇ ਗੁੱਗੂ ਗਿੱਲ ਹਮੇਸ਼ਾ ਇੱਕ-ਦੂਜੇ ਦੇ ਖਿਲਾਫ ਹੀ ਰਹੇ ਹਾਂ ਪਰ ਮੇਰੇ ਲਈ ਉਹ ਮੇਰੇ ਪਰਿਵਾਰ ਦਾ ਇੱਕ ਹਿੱਸਾ ਹੈ। ਅਸੀਂ ਚਾਹੇ ਇੱਕ-ਦੂਜੇ ਨਾਲ ਮਹੀਨਿਆਂ ਤੱਕ ਗੱਲ ਨਾ ਕਰੀਏ ਪਰ ਸਾਨੂੰ ਪਤਾ ਹੈ ਕਿ ਅਸੀਂ ਇੱਕ ਦੂਸਰੇ ਲਈ ਹਾਂ। ਜਦੋਂ ਮੈਨੂੰ ਇਸ ਫਿਲਮ ਦਾ ਆਫ਼ਰ ਆਇਆ ਤਾਂ ਇਸ ਨੂੰ ਸਾਈਨ ਕਰਨ ਦਾ ਮੇਰਾ ਪਹਿਲਾ ਤੇ ਸਭ ਤੋਂ ਜ਼ਰੂਰੀ ਕਾਰਨ ਸੀ, ਇਸ ਫਿਲਮ ਦੀ ਸਕ੍ਰਿਪਟ ਜਿਸ ਵਿੱਚ ਮੈਨੂੰ ਤੇ ਗੁੱਗੂ ਗਿੱਲ ਨੂੰ ਦੋਸਤਾਂ ਦੇ ਰੂਪ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ।“ ਲੁੱਕਣ ਮੀਚੀ ਅਪ੍ਰੈਲ 2019 ਵਿੱਚ ਰਿਲੀਜ਼ ਹੋਵੇਗੀ।