ਜਲੰਧਰ: ਪੰਜਾਬ ਦੇ ਉੱਘੇ ਸੂਫੀ ਗਾਇਕ ਹੰਸ ਰਾਜ ਹੰਸ ਦੇ ਪੁੱਤਰ ਯੁਵਰਾਜ ਹੰਸ ਦਾ ਵਿਆਹ ਬੀਤੇ ਦਿਨ ਉਸ ਦੀ ਪ੍ਰੇਮਿਕਾ ਤੇ ਟੀਵੀ ਕਲਾਕਾਰ ਮਾਨਸੀ ਸ਼ਰਮਾ ਨਾਲ ਹੋ ਗਿਆ। ਪੰਜਾਬ ਦੇ ਰਾਜ ਗਾਇਕ ਹੰਸ ਦੇ ਘਰ ਦੋਵਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਨੰਦ ਕਾਰਜ ਦੀ ਰਸਮ ਅਦਾ ਕੀਤੀ ਅਤੇ ਰਾਤ ਨੂੰ ਪਾਰਟੀ ਕੀਤੀ ਗਈ।
ਟੈਲੀਵਿਜ਼ਨ ਅਦਾਕਾਰਾ ਮਾਨਸੀ ਸ਼ਰਮਾ ਦਾ ‘ਮਰੀਅਮ ਖ਼ਾਨ ਰਿਪੋਰਟਿੰਗ ਲਾਈਫ’ ਨਾਂਅ ਦਾ ਸੀਰੀਅਲ ਕਾਫੀ ਮਸ਼ਹੂਰ ਰਿਹਾ ਸੀ। ਗਾਇਕੀ ਤੋਂ ਇਲਾਵਾ ਯੁਵਰਾਜ ਹੰਸ ਵੀ ਕਈ ਪੰਜਾਬੀ ਫ਼ਿਲਮਾਂ ਵਿਚ ਕੰਮ ਕਰ ਚੁੱਕੇ ਹਨ। ਅਕਸਰ ਵਿਆਹੇ ਮੌਕੇ ਜੋੜੇ ਸੂਹੇ ਕੱਪੜਿਆਂ ਵਿੱਚ ਸੱਜੇ ਹੁੰਦੇ ਹਨ ਪਰ ਇਸ ਕਲਾਕਾਰ ਜੋੜੀ ਨੇ ਰਵਾਇਤੀ ਰੰਗ ਤੋਂ ਹਟ ਕੇ ਫਿਰੋਜ਼ੀ ਰੰਗ ਨੂੰ ਤਰਜੀਹ ਦਿੱਤੀ। ਯੁਵਰਾਜ ਹੰਸ ਨੇ ਫਿਰੋਜ਼ੀ ਰੰਗ ਦੀ ਪੱਗ ਬੰਨ੍ਹੀ ਹੋਈ ਸੀ ਜਦਕਿ ਮਾਨਸੀ ਨੇ ਫਿਰੋਜ਼ੀ ਰੰਗ ਦਾ ਲਹਿੰਗਾ ਪਾਇਆ ਹੋਇਆ ਸੀ।
ਇੱਕ ਦਿਨ ਪਹਿਲਾਂ ਮਹਿੰਦੀ ਦੀ ਰਸਮ ਦੀਆਂ ਤਸਵੀਰਾਂ ਇਸ ਜੋੜੇ ਨੇ ਸੋਸ਼ਲ ਮੀਡੀਆ ’ਤੇ ਪੋਸਟ ਕੀਤੀਆਂ ਸਨ, ਜਿਸ ਵਿਚ ਜ਼ਿਆਦਾਤਰ ਤਸਵੀਰਾਂ ਮਾਨਸੀ ਦੀਆਂ ਸਨ, ਜਿਸ ਵਿੱਚ ਉਹ ਮਹਿੰਦੀ ਲਗਾ ਰਹੀ ਹੈ ਤੇ ਮਹਿੰਦੀ ਨਾਲ ਹੀ ਉਸ ਨੇ ਆਪਣੇ ਹੱਥਾਂ ’ਤੇ ਯੁਵਰਾਜ ਹੰਸ ਦੀ ਤਸਵੀਰ ਬਣਾਈ ਹੋਈ ਸੀ।