Student Died Due to Play Blue Whale Game: ਅੱਜ ਕੱਲ੍ਹ ਨੌਜਵਾਨਾਂ ਵਿੱਚ ਆਨਲਾਈਨ ਗੇਮਿੰਗ ਦਾ ਕ੍ਰੇਜ਼ ਇੰਨਾ ਵਧ ਗਿਆ ਹੈ ਕਿ ਕਈ ਵਾਰ ਉਨ੍ਹਾਂ ਦੀ ਜਾਨ ਖਤਰੇ ਵਿੱਚ ਵੀ ਪੈ ਜਾਂਦੀ ਹੈ। ਇਸ ਮਾਮਲੇ ਵਿਚ ਕਈ ਨੌਜਵਾਨਾਂ ਦੀ ਮੌਤ ਵੀ ਹੋ ਚੁੱਕੀ ਹੈ।
ਇਸ ਕਾਰਨ ਕਈ ਆਨਲਾਈਨ ਗੇਮਾਂ ਸੁਸਾਇਡ ਗੇਮ ਬਣ ਗਈਆਂ ਹਨ। ਅਜਿਹੀ ਹੀ ਇਕ ਆਨਲਾਈਨ ਗੇਮ Blue Whale Challenge ਹੈ, ਜਿਸ ਨੂੰ ਖੇਡਦੇ ਹੋਏ 20 ਸਾਲਾ ਵਿਦਿਆਰਥੀ ਦੀ ਮੌਤ ਹੋ ਗਈ। ਘਟਨਾ ਅਮਰੀਕਾ ਵਿੱਚ ਵਾਪਰੀ ਹੈ। ਮ੍ਰਿਤਕ ਭਾਰਤ ਦਾ ਵਸਨੀਕ ਸੀ ਅਤੇ ਉਹ ਕਾਰ ਵਿੱਚ ਮ੍ਰਿਤਕ ਮਿਲਿਆ।


ਹਾਲਾਂਕਿ ਉਸ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਕਿਹਾ ਜਾ ਰਿਹਾ ਹੈ ਕਿ ਉਸ ਦੀ ਲਾਸ਼ ਦੇ ਕੋਲ ਉਸ ਦਾ ਮੋਬਾਈਲ ਫੋਨ ਮਿਲਿਆ ਹੈ, ਜਿਸ 'ਤੇ ਆਨਲਾਈਨ ਗੇਮ ਚੱਲ ਰਹੀ ਸੀ।



ਪੁਲਿਸ ਕਤਲ ਅਤੇ ਖੁਦਕੁਸ਼ੀ ਦੇ ਪਹਿਲੂ ਤੋਂ ਜਾਂਚ ਕਰ ਰਹੀ ਹੈ
ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ 8 ਮਾਰਚ ਦੀ ਹੈ ਪਰ ਹੁਣ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਮੈਸੇਚਿਉਸੇਟਸ ਯੂਨੀਵਰਸਿਟੀ ਵਿਚ ਪਹਿਲੇ ਸਾਲ ਦਾ ਵਿਦਿਆਰਥੀ ਸੀ ਪਰ ਬ੍ਰਿਸਟਲ ਕਾਊਂਟੀ ਪੁਲਿਸ ਨੂੰ ਸ਼ੱਕ ਹੈ ਕਿ ਸ਼ਾਇਦ ਉਸ ਦਾ ਕਤਲ ਕੀਤਾ ਗਿਆ ਹੋਵੇ, ਕਿਉਂਕਿ ਉਸ ਦੀ ਲਾਸ਼ ਜੰਗਲ ਵਿਚ ਖੜ੍ਹੀ ਇਕ ਕਾਰ ਵਿਚੋਂ ਮਿਲੀ ਸੀ।



ਇਸ ਲਈ ਸੰਭਵ ਹੈ ਕਿ ਉਸ ਨੂੰ ਲੁੱਟ ਲਈ ਮਾਰਿਆ ਗਿਆ ਹੋਵੇ। ਫਿਲਹਾਲ ਪੁਲਿਸ ਇਸ ਮਾਮਲੇ ਦੀ ਕਤਲ ਦੇ ਐਂਗਲ ਤੋਂ ਜਾਂਚ ਕਰ ਰਹੀ ਹੈ। ਖੁਦਕੁਸ਼ੀ ਦੇ ਐਂਗਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਪਰ ਅਮਰੀਕਾ ਵਿਚ ਭਾਰਤੀ ਵਿਦਿਆਰਥੀ ਦੀ ਮੌਤ ਦਾ ਮਾਮਲਾ ਸੋਸ਼ਲ ਮੀਡੀਆ 'ਤੇ ਸੁਰਖੀਆਂ ਵਿਚ ਹੈ।


ਕੀ ਹੈ 'ਬਲੂ ਵ੍ਹੇਲ ਚੈਲੇਂਜ' ਗੇਮ?
ਬਲੂ ਵ੍ਹੇਲ ਚੈਲੇਂਜ ਗੇਮ 2013 ਵਿਚ ਇੱਕ ਸਾਬਕਾ ਰੂਸੀ ਅਪਰਾਧੀ ਫਿਲਿਪ ਬੁਡੇਕਿਨ ਦੁਆਰਾ ਬਣਾਈ ਗਈ ਸੀ। ਇਸ ਗੇਮ ਵਿਚ 50 ਲੈਵਲ ਹਨ, ਜੋ ਕਿ ਤੁਹਾਡੇ ਅੱਗੇ ਵਧਣ ਨਾਲ ਹੋਰ ਔਖੇ ਹੋ ਜਾਂਦੇ ਹਨ। ਇਸ ਵਿਚ ਇਕ ਖੇਡਣ ਅਤੇ ਇਕ ਖਿਡਾਉਣ ਵਾਲਾ ਹੁੰਦਾ ਹੈ। ਖਿਡਾਉਣ ਵਾਲਾ ਇੱਕ ਟਾਸਕ ਦਿੰਦਾ ਹੈ, ਜੋ ਉਸ ਨੂੰ ਪੂਰਾ ਕਰਦਾ ਹੈ ਉਸ ਨੂੰ ਗੇਮ ਦਾ ਜੇਤੂ ਮੰਨਿਆ ਜਾਂਦਾ ਹੈ, ਪਰ ਇਸ ਗੇਮ ਨੇ ਭਾਰਤ, ਅਮਰੀਕਾ, ਚੀਨ ਅਤੇ ਹੋਰ ਦੇਸ਼ਾਂ ਵਿੱਚ 130 ਤੋਂ ਵੱਧ ਨੌਜਵਾਨ ਲੜਕੇ-ਲੜਕੀਆਂ ਦੀ ਜਾਨ ਲੈ ਲਈ ਹੈ।


ਖੇਡ ਨਿਰਮਾਤਾ ਬੁਡੇਕਿਨ ਨੂੰ ਘੱਟੋ-ਘੱਟ 16 ਨਾਬਾਲਗਾਂ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਅਤੇ ਇਸ ਲਈ ਉਸ ਨੂੰ 3 ਸਾਲ ਦੀ ਸਜ਼ਾ ਵੀ ਹੋਈ।


ਭਾਰਤ ਵਿਚ 2017 ਵਿਚ ਗੇਮ ਖੇਡਣ ਕਾਰਨ ਹੋਈ ਸੀ ਮੌਤ
ਮੀਡੀਆ ਰਿਪੋਰਟਾਂ ਮੁਤਾਬਕ ਭਾਰਤ 'ਚ ਜੁਲਾਈ 2017 'ਚ ਮੁੰਬਈ 'ਚ ਬਲੂ ਵ੍ਹੇਲ ਗੇਮ ਖੇਡਣ ਕਾਰਨ ਮੌਤ ਹੋ ਗਈ ਸੀ। 14 ਸਾਲਾ ਮਨਪ੍ਰੀਤ ਸਿੰਘ ਨੇ ਇਮਾਰਤ ਦੀ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਪੱਛਮੀ ਬੰਗਾਲ 'ਚ ਵੀ 10ਵੀਂ ਜਮਾਤ ਦੇ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ ਸੀ। ਉਸ ਦੀ ਲਾਸ਼ ਬਾਥਰੂਮ ਵਿੱਚੋਂ ਮਿਲੀ ਜਿਸ ਦਾ ਮੂੰਹ ਪੋਲੀਥੀਨ ਨਾਲ ਢੱਕਿਆ ਹੋਇਆ ਸੀ।


ਦਿੱਲੀ ਵਿੱਚ ਸਾਬਕਾ ਮੰਤਰੀ ਦੇ ਬੇਟੇ ਅਤੇ ਇੱਕ ਹੋਰ ਨੌਜਵਾਨ ਨੇ ਵੀ ਖੁਦਕੁਸ਼ੀ ਕਰ ਲਈ ਸੀ। ਕੇਰਲ 'ਚ ਇਕ ਨਾਬਾਲਗ ਨੇ ਫਾਹਾ ਲਗਾ ਲਿਆ ਸੀ। ਇਨ੍ਹਾਂ ਘਟਨਾਵਾਂ ਤੋਂ ਬਾਅਦ ਸਾਲ 2017 ਵਿੱਚ ਹੀ ਭਾਰਤ ਦੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਇੱਕ ਐਡਵਾਈਜ਼ਰੀ ਜਾਰੀ ਕਰਕੇ ਗੇਮ ਖੇਡਣ 'ਤੇ ਪਾਬੰਦੀ ਲਗਾ ਦਿੱਤੀ ਸੀ।