15 ਅਗਸਤ ਹੋਵੇ ਜਾਂ 26 ਜਨਵਰੀ, ਇਨ੍ਹਾਂ ਮੌਕਿਆਂ 'ਤੇ ਲੋਕ ਆਪਣੇ ਘਰਾਂ, ਦਫਤਰਾਂ ਅਤੇ ਵਾਹਨਾਂ 'ਤੇ ਤਿਰੰਗਾ ਲਾ ਕੇ ਆਪਣੇ ਦੇਸ਼ ਭਗਤੀ ਦੇ ਜੋਸ਼ ਦਾ ਪ੍ਰਗਟਾਵਾ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਝੰਡਾ ਲਾਉਣ ਲਈ ਕੁਝ ਨਿਯਮ ਬਣਾਏ ਗਏ ਹਨ, ਜਿਨ੍ਹਾਂ ਦੀ ਪਾਲਣਾ ਕਰਨਾ ਹਰ ਕਿਸੇ ਲਈ ਲਾਜ਼ਮੀ ਹੈ। 

ਭਾਰਤੀ ਝੰਡਾ ਕੋਡ, 2002 ਅਤੇ ਰਾਸ਼ਟਰੀ ਮਾਣ ਦੇ ਅਪਮਾਨ ਰੋਕਥਾਮ ਐਕਟ, 1971 ਦੇ ਤਹਿਤ ਵਾਹਨ 'ਤੇ ਤਿਰੰਗਾ ਲਹਿਰਾਉਣ ਲਈ ਸਖ਼ਤ ਨਿਯਮ ਹਨ। ਇਨ੍ਹਾਂ ਦੀ ਉਲੰਘਣਾ ਕਰਨ 'ਤੇ ਸਜ਼ਾ ਵੀ ਹੋ ਸਕਦੀ ਹੈ। ਆਓ ਜਾਣਦੇ ਹਾਂ ਤਿਰੰਗਾ ਲਹਿਰਾਉਣ ਦੇ ਕੀ ਨਿਯਮ ਹਨ?

ਤਿਰੰਗਾ ਲਾਉਣ ਦੇ ਕੀ ਨਿਯਮ

ਨਿਯਮ ਦੇ ਅਨੁਸਾਰ, ਆਮ ਨਾਗਰਿਕ ਨੂੰ ਆਪਣੇ ਨਿੱਜੀ ਵਾਹਨ 'ਤੇ ਤਿਰੰਗਾ ਲਹਿਰਾਉਣ ਦਾ ਅਧਿਕਾਰ ਨਹੀਂ ਹੈ ਤੇ ਅਜਿਹਾ ਕਰਨਾ ਗੈਰ-ਕਾਨੂੰਨੀ ਹੈ। ਭਾਰਤੀ ਝੰਡਾ ਕੋਡ, 2002 (ਧਾਰਾ 3.44) ਦੇ ਅਨੁਸਾਰ, ਸਿਰਫ਼ ਕੁਝ ਸੰਵਿਧਾਨਕ ਅਹੁਦਿਆਂ 'ਤੇ ਬੈਠੇ ਲੋਕ ਹੀ ਆਪਣੇ ਵਾਹਨਾਂ 'ਤੇ ਤਿਰੰਗਾ ਲਹਿਰਾ ਸਕਦੇ ਹਨ। ਜਿਸ ਵਿੱਚ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਕੇਂਦਰੀ ਕੈਬਨਿਟ ਮੰਤਰੀ, ਰਾਜ ਮੰਤਰੀ ਅਤੇ ਕੇਂਦਰ ਦੇ ਉਪ ਮੰਤਰੀ, ਰਾਜਾਂ ਦੇ ਰਾਜਪਾਲ, ਉਪ ਰਾਜਪਾਲ, ਮੁੱਖ ਮੰਤਰੀ, ਕੈਬਨਿਟ ਮੰਤਰੀ, ਲੋਕ ਸਭਾ ਦੇ ਸਪੀਕਰ, ਰਾਜ ਸਭਾ ਦੇ ਡਿਪਟੀ ਸਪੀਕਰ, ਵਿਧਾਨ ਸਭਾਵਾਂ/ਪਰਿਸ਼ਦਾਂ ਦੇ ਸਪੀਕਰ/ਡਿਪਟੀ ਸਪੀਕਰ, ਸੁਪਰੀਮ ਕੋਰਟ ਅਤੇ ਹਾਈ ਕੋਰਟਾਂ ਦੇ ਮੁੱਖ ਜੱਜ/ਜੱਜ, ਵਿਦੇਸ਼ਾਂ ਵਿੱਚ ਭਾਰਤੀ ਮਿਸ਼ਨਾਂ ਦੇ ਮੁਖੀ ਸ਼ਾਮਲ ਹਨ।

ਕਿਵੇਂ ਲਾਈਏ ਤਿਰੰਗਾ

ਤਿਰੰਗਾ ਵਾਹਨ ਦੇ ਬੋਨਟ ਦੇ ਵਿਚਕਾਰ ਜਾਂ ਸੱਜੇ ਪਾਸੇ ਮਜ਼ਬੂਤੀ ਨਾਲ ਬੰਨ੍ਹੇ ਹੋਏ ਖੰਭੇ 'ਤੇ ਲਹਿਰਾਉਣਾ ਚਾਹੀਦਾ ਹੈ।

ਭਗਵਾਂ ਰੰਗ ਹਮੇਸ਼ਾ ਉੱਪਰ ਹੋਣਾ ਚਾਹੀਦਾ ਹੈ, ਇਸਨੂੰ ਉਲਟਾ ਲਹਿਰਾਉਣਾ ਅਪਮਾਨ ਮੰਨਿਆ ਜਾਂਦਾ ਹੈ।

ਤਿਰੰਗਾ ਫਟਿਆ, ਗੰਦਾ ਜਾਂ ਫਿੱਕਾ ਨਹੀਂ ਹੋਣਾ ਚਾਹੀਦਾ।

ਇਸਨੂੰ ਜ਼ਮੀਨ ਨੂੰ ਨਹੀਂ ਛੂਹਣਾ ਚਾਹੀਦਾ ਅਤੇ ਕਿਸੇ ਹੋਰ ਝੰਡੇ ਦੇ ਹੇਠਾਂ ਨਹੀਂ ਲਹਿਰਾਉਣਾ ਚਾਹੀਦਾ।

ਤਿਰੰਗਾ ਵਰਦੀ, ਪਰਦੇ ਜਾਂ ਸਜਾਵਟ ਲਈ ਨਹੀਂ ਵਰਤਿਆ ਜਾ ਸਕਦਾ।

ਨਿਯਮਾਂ ਦੀ ਉਲੰਘਣਾ ਕਰਨ 'ਤੇ ਕਾਰਵਾਈ ਕੀਤੀ ਜਾਵੇਗੀ।

ਜੇ ਕੋਈ ਵਿਅਕਤੀ ਨਿਯਮਾਂ ਦੀ ਉਲੰਘਣਾ ਕਰਦਾ ਹੈ, ਤਾਂ ਰਾਸ਼ਟਰੀ ਸਨਮਾਨ ਅਪਮਾਨ ਰੋਕਥਾਮ ਐਕਟ 1971 ਦੇ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ। ਜੇਕਰ ਰਾਸ਼ਟਰੀ ਝੰਡੇ ਦਾ ਅਪਮਾਨ ਕਰਦਾ ਪਾਇਆ ਜਾਂਦਾ ਹੈ, ਤਾਂ ਸਜ਼ਾ 3 ਸਾਲ ਤੱਕ ਦੀ ਕੈਦ, ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਵਾਹਨ 'ਤੇ ਅਣਅਧਿਕਾਰਤ ਤਿਰੰਗਾ ਲਗਾਉਣਾ ਵੀ ਇਸ ਐਕਟ ਦੀ ਉਲੰਘਣਾ ਮੰਨਿਆ ਜਾਂਦਾ ਹੈ।