Hulk Hogan Net Worth: WWE ਦੇ ਸਭ ਤੋਂ ਵੱਡੇ ਸੁਪਰਸਟਾਰਾਂ ਵਿੱਚੋਂ ਇੱਕ, ਹਲਕ ਹੋਗਨ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਉਨ੍ਹਾਂ ਨੂੰ 71 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਦੀ ਮੌਤ ਕੁਸ਼ਤੀ ਦੀ ਦੁਨੀਆ ਲਈ ਇੱਕ ਵੱਡੇ ਸਦਮੇ ਤੋਂ ਘੱਟ ਨਹੀਂ ਹੈ। WWE ਦੀ ਦੁਨੀਆ ਵਿੱਚ ਉਨ੍ਹਾਂ ਦੀ ਬਿਹਤਰ ਪਛਾਣ ਸੀ। ਕੁਝ ਹਫ਼ਤੇ ਪਹਿਲਾਂ, ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਸਿਹਤ ਨੂੰ ਲੈਕੇ ਤਮਾਮ ਗੱਲਾਂ ਕੀਤੀਆਂ ਜਾ ਰਹੀਆਂ ਸਨ।

ਕੁਝ ਲੋਕਾਂ ਨੇ ਤਾਂ ਇਹ ਵੀ ਕਿਹਾ ਸੀ ਕਿ ਉਹ ਕੋਮਾ ਵਿੱਚ ਹਨ, ਪਰ ਉਨ੍ਹਾਂ ਦੀ ਪਤਨੀ ਨੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਅਫਵਾਹਾਂ ਦੱਸਿਆ ਸੀ। ਹਲਕ ਹੋਗਨ ਨੇ WWE ਵਿੱਚ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ ਅਤੇ ਬਹੁਤ ਸਾਰੀ ਦੌਲਤ ਕਮਾਈ। ਆਓ ਜਾਣਦੇ ਹਾਂ ਉਨ੍ਹਾਂ ਦੀ ਕੁੱਲ ਜਾਇਦਾਦ ਬਾਰੇ।

80 ਅਤੇ 90 ਦੇ ਦਹਾਕੇ ਤੋਂ ਹੀ ਹਲਕ ਹੋਗਨ ਖ਼ਬਰਾਂ ਵਿੱਚ ਸਨ ਅਤੇ ਪੂਰੀ ਦੁਨੀਆ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦੀ ਹੈ। ਹੋਗਨ ਨੇ ਨਾ ਸਿਰਫ਼ WWE ਤੋਂ ਸਗੋਂ ਕੁਸ਼ਤੀ, ਫਿਲਮਾਂ ਅਤੇ ਬ੍ਰਾਂਡ ਐਡੋਰਸਮੈਂਟ ਰਾਹੀਂ ਵੀ ਪੈਸਾ ਕਮਾਇਆ ਹੈ। ਉਨ੍ਹਾਂ ਦੀ ਕੁੱਲ ਜਾਇਦਾਦ 25 ਮਿਲੀਅਨ ਅਮਰੀਕੀ ਡਾਲਰ ਸੀ। ਉਨ੍ਹਾਂ ਨੇ ਨੋ ਹੋਲਡਜ਼ ਬਾਰਡ, ਮਿਸਟਰ ਨੈਨੀ ਅਤੇ 3 ਨਿੰਜਾ: ਹਾਈ ਨੂਨ ਐਟ ਮੈਗਾ ਮਾਊਂਟੇਨ ਵਰਗੀਆਂ ਫਿਲਮਾਂ ਅਤੇ ਟੀਵੀ ਸ਼ੋਅ ਵਿੱਚ ਵੀ ਕੰਮ ਕੀਤਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ VH1 ਦੇ ਰਿਐਲਿਟੀ ਸ਼ੋਅ ਹੋਗਨ ਨੋਜ਼ ਬੈਸਟ ਵਿੱਚ ਵੀ ਕੰਮ ਕੀਤਾ ਹੈ।

ਹੋਗਨ ਨੇ ਨਾ ਸਿਰਫ਼ WWE ਤੋਂ ਪੈਸਾ ਕਮਾਇਆ, ਸਗੋਂ ਉਨ੍ਹਾਂ ਦੇ ਆਪਣੇ ਕਈ ਕਾਰੋਬਾਰ ਵੀ ਸਨ। 2012 ਵਿੱਚ, ਉਨ੍ਹਾਂ ਨੇ ਆਪਣਾ ਬਾਰ ਅਤੇ ਰੈਸਟੋਰੈਂਟ, ਹੋਗਨ'ਜ਼ ਬੀਚ ਸ਼ਾਪ ਖੋਲ੍ਹਿਆ। ਪਰ 2015 ਵਿੱਚ, ਹੋਗਨ ਵਲੋਂ ਨਸਲੀ ਟਿੱਪਣੀਆਂ ਕਰਨ ਦੀਆਂ ਰਿਕਾਰਡਿੰਗਾਂ ਸਾਹਮਣੇ ਆਉਣ ਤੋਂ ਬਾਅਦ, ਰੈਸਟੋਰੈਂਟ ਨੇ ਉਸ ਨਾਲ ਸਬੰਧ ਤੋੜ ਦਿੱਤਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਕਲੀਅਰਵਾਟਰ ਅਤੇ ਓਰਲੈਂਡੋ ਵਿੱਚ ਹੋਗਨ'ਜ਼ ਬੀਚ ਬ੍ਰਾਂਡ ਦੀਆਂ ਪ੍ਰਚੂਨ ਦੁਕਾਨਾਂ ਵੀ ਖੋਲ੍ਹੀਆਂ।

ਹਲਕ ਹੋਗਨ ਹਾਲ ਹੀ ਦੇ ਸਾਲਾਂ ਵਿੱਚ ਰਾਜਨੀਤੀ ਵਿੱਚ ਬਹੁਤ ਸਰਗਰਮ ਰਹੇ ਹਨ। ਉਨ੍ਹਾਂ ਨੇ ਡੋਨਾਲਡ ਟਰੰਪ ਦਾ ਸਮਰਥਨ ਕੀਤਾ ਅਤੇ MAGA ਅੰਦੋਲਨ ਵਿੱਚ ਵੀ ਸ਼ਾਮਲ ਹੋਏ। 2024 ਦੇ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਵਿੱਚ, ਹੋਗਨ ਨੇ ਇੱਕ ਭਾਸ਼ਣ ਦੇ ਵਿਚਕਾਰ ਆਪਣੀ ਕਮੀਜ਼ ਪਾੜ ਦਿੱਤੀ ਤਾਂ ਜੋ ਹੇਠਾਂ ਇੱਕ ਟਰੰਪ/ਵੈਂਸ ਕੈਂਪੇਨ ਟੀ-ਸ਼ਰਟ ਦਿਖਾਈ ਦੇਵੇ। ਉਹ ਅਕਸਰ ਰਿੰਗ ਵਿੱਚ ਅਜਿਹਾ ਕਰਦੇ ਸੀ।