ਬੁਢਾਪੇ ਨੂੰ ਪਛਾੜ ਦੁਨੀਆ 'ਤੇ ਵੱਡੇ ਰਿਕਾਰਡ ਬਣਾ ਰਹੇ ਇਹ ਬਜ਼ੁਰਗ, ਜਾਣੋ ਇਨ੍ਹਾਂ ਦੀ ਲੰਮੀ ਉਮਰ ਦੇ ਰਾਜ਼
ਮਾਨ ਕੌਰ- ਪੰਜਾਬ ਵਿੱਚ ਜਨਮੀ ਬੇਬੇ ਮਾਨ ਕੌਰ ਦੀ ਉਮਰ 103 ਸਾਲ ਹੈ। ਉਹ ਵਰਲਡ ਮਾਸਟਰ ਵਿੱਚ ਖੇਡਾਂ 'ਚ ਗੋਲਡ ਮੈਡਲ ਜਿੱਤਣ ਵਾਲੀ ਪਹਿਲੀ ਬਜ਼ੁਰਗ ਐਥਲੀਟ ਹਨ। ਉਨ੍ਹਾਂ 100 ਮੀਟਰ ਰੇਸ ਨੂੰ 74 ਸਕਿੰਟਾਂ ਵਿੱਚ ਖ਼ਤਮ ਕੀਤਾ। ਨੇਜ਼ਾ ਸੁੱਟਣ (ਜੈਵਲਿਨ ਥ੍ਰੋਅ) ਵਿੱਚ ਬੇਬੇ ਨੇ ਗਿੰਨੀਜ਼ ਬੁਕ ਆਫ ਵਰਲਡ ਦਾ ਰਿਕਾਰਡ ਹਾਸਲ ਕੀਤਾ। ਬੇਬੇ ਮਾਨ ਕੌਰ ਵੀ ਸ਼ੁੱਧ ਸ਼ਾਕਾਹਾਰੀ ਹਨ। ਖਾਣੇ ਵਿੱਚ ਵਿਸ਼ੇਸ਼ ਤੌਰ 'ਤੇ ਬਣੀ ਰੋਟੀ ਤੇ ਕੇਫਿਰ ਖਾਂਦੇ ਹਨ। ਕੇਫਿਰ ਇੱਕ ਤਰ੍ਹਾਂ ਦੀ ਫਰਮੇਟਿਡ ਦੁੱਧ ਹੁੰਦਾ ਹੈ। ਉਹ ਮੋਟੇ ਅਨਾਜ ਤੇ ਕਣਕ ਤੋਂ ਤਿਆਰ ਕੀਤੀ ਰੋਟੀ ਖਾਂਦੇ ਹਨ। ਅੱਜ ਵੀ ਬੇਬੇ 4 ਵਜੇ ਉੱਠਦੀ ਹੈ ਤੇ ਕਸਰਤ ਕਰਦੀ ਹੈ।
ਕੇਨ ਤਨਾਕਾ- ਕੈਂਸਰ ਨੂੰ ਮਾਤ ਦੇਣ ਵਾਲੀ ਜਾਪਾਨ ਦੀ 116 ਸਾਲਾ ਬੇਬੇ ਕੇਨ ਤਨਾਕਾ ਦੁਨੀਆ ਦੀ ਸਭ ਤੋਂ ਉਮਰਦਰਾਜ਼ ਮਹਿਲਾ ਹਨ। ਉਨ੍ਹਾਂ ਨੂੰ ਵੀ ਗਿੰਨੀਜ਼ ਬੁਕ ਆਫ ਵਰਲਡ ਦਾ ਖਿਤਾਬ ਮਿਲ ਚੁੱਕਿਆ ਹੈ। ਆਪਣੇ ਖਾਣ-ਪੀਣ 'ਤੇ ਬੇਹੱਦ ਧਿਆਨ ਦਿੰਦੇ ਹਨ। ਉਹ ਜ਼ਿਆਦਾਤਰ ਚਾਵਲ, ਮੱਛੀ ਤੇ ਸੂਪ ਲੈਂਦੇ ਹਨ। ਇਸ ਦੇ ਇਲਾਵਾ ਉਹ ਕਾਫੀ ਜ਼ਿਆਦਾ ਪਾਣੀ ਪੀਂਦੇ ਹਨ। ਉਨ੍ਹਾਂ ਦੀ ਲੰਮੀ ਉਮਰ ਦਾ ਰਾਜ਼ ਉਨ੍ਹਾਂ ਦੀ ਡਾਈਟ ਹੀ ਹੈ। ਉਹ 6 ਵਜੇ ਉੱਠ ਜਾਂਦੇ ਹਨ ਤੇ ਗਣਿਤ ਦੇ ਸਵਾਲ ਹੱਲ ਕਰਨ ਲੱਗ ਜਾਂਦੇ ਹਨ।
ਯੇਸ਼ੀ ਢੋਡੇਨ- ਯੇਸ਼ੀ ਦੀ ਉਮਰ 92 ਸਾਲ ਹੈ। ਉਨ੍ਹਾਂ ਨੂੰ ਕੈਂਸਰ ਦੀ ਦਵਾਈ ਬਣਾਉਣ ਲਈ ਜਾਣਿਆ ਜਾਂਦਾ ਹੈ। ਮੌਜੂਦਾ ਉਹ ਧਰਮਸ਼ਾਲਾ ਦੇ ਮੈਕਲੌਡਗੰਜ ਸਥਿਤ ਦਵਾਈਖ਼ਾਨੇ ਵਿੱਚ ਰੋਜ਼ਾਨਾ 40 ਮਰੀਜ਼ ਵੇਖਦੇ ਹਨ। ਇਨ੍ਹਾਂ ਨੂੰ ਪਦਮ ਸ੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਦੂਜਿਆਂ ਨੂੰ ਸਿਹਤਮੰਦ ਰੱਖਣਾ ਹੈ ਉਨ੍ਹਾਂ ਦੇ ਜੀਵਨ ਦਾ ਮਕਸਦ ਹੈ। ਉਹ ਐਕਸ ਰੇ ਨਹੀਂ, ਬਲਕਿ ਮਰੀਜ਼ ਦੀ ਧੜਕਣ ਜਾਂਚ ਕੇ ਤੇ ਯੂਰੀਨ ਵੇਖ ਕੇ ਹੀ ਰੋਗ ਦੱਸ ਦਿੰਦੇ ਹਨ।
ਭਾਨੁਮਤੀ ਰਾਵ- 94 ਸਾਲ ਦੀ ਨ੍ਰਿਤ ਕਰਨ ਵਾਲੀ ਇਸ ਬੇਬੇ ਦਾ ਵਰਕਆਊਟ ਵੀ ਨ੍ਰਿਤ ਹੀ ਹੈ। ਕੇਰਲ ਵਿੱਚ ਜਨਮੀ ਭਾਨੁਮਤੀ ਕਥਕਲੀ ਤੇ ਭਾਰਤਨਾਟਿਅਮ ਵਿੱਚ ਮਾਹਰ ਹਨ। ਇਨ੍ਹਾਂ ਵੱਲੋਂ ਸਟੇਜ 'ਤੇ ਪਰਫਾਰਮੈਂਸ ਦੇਣ ਦਾ ਸਿਲਸਿਲਾ ਅੱਜ ਵੀ ਜਾਰੀ ਹੈ। ਉਹ ਵਿਦੇਸ਼ਾਂ ਵਿੱਚ ਵੀ ਨ੍ਰਿਤ ਸਿਖਾਉਣ ਲਈ ਜਾਂਦੇ ਹਨ। ਉਹ ਹਫਤੇ ਅੰਦਰ ਇੱਕ ਦਿਨ ਆਪਣੇ ਦੋਸਤਾਂ ਨਾਲ ਡਾਂਸ ਜ਼ਰੂਰ ਕਰਦੇ ਹਨ। ਉਹ ਸਾਦਾ ਖਾਣਾ ਖਾਂਦੇ ਹਨ ਤੇ ਖ਼ੁਦ ਨੂੰ ਸਿਹਤਯਾਬ ਰੱਖਣ ਲਈ ਘਰ ਦੇ ਸਾਰੇ ਕੰਮ ਆਪ ਕਰਦੇ ਹਨ।
ਫੌਜਾ ਸਿੰਘ- ਸਭ ਤੋਂ ਫੌਜਾ ਸਿੰਘ ਸਦਾ ਨਾਂ ਆਉਂਦਾ ਹੈ ਜਿਨ੍ਹਾਂ 108 ਸਾਲਾਂ ਦੀ ਉਮਰ ਵਿੱਚ ਸਭ ਤੋਂ ਬਜ਼ੁਰਗ ਮੈਰਾਥਾਨ ਰਨਰ ਦਾ ਰਿਕਾਰਡ ਹਾਸਲ ਕੀਤਾ ਹੈ। ਇਨ੍ਹਾਂ ਨੂੰ ਰਨਿੰਗ ਬਾਬਾ ਤੇ ਸਿੱਖ ਸੁਪਰਮੈਨ ਵਰਗੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਪੰਜਾਬ ਵਿੱਚ ਜਨਮੇ ਫੌਜਾ ਸਿੰਘ ਹੁਣ ਲੰਦਨ ਵਿੱਚ ਰਹਿੰਦੇ ਹਨ ਤੇ ਕਈ ਮੈਰਾਥਾਨ ਜਿੱਤ ਚੁੱਕੇ ਹਨ। ਖ਼ਾਸ ਗੱਲ ਇਹ ਹੈ ਕਿ ਉਹ ਪੂਰੀ ਤਰ੍ਹਾਂ ਸ਼ਾਕਾਹਾਰੀ ਹਨ। ਰੋਜ਼ਾਨਾ ਦੀ ਦੌੜ ਹੀ ਉਨ੍ਹਾਂ ਦੀ ਫਿੱਟਨੈਸ ਦਾ ਰਾਜ਼ ਹੈ। ਖਾਣੇ ਵਿੱਚ ਪਾਣੀ, ਚਾਹ ਤੇ ਅਦਰਕ ਦਾ ਜ਼ਿਆਦਾ ਇਸਤੇਮਾਲ ਕਰਦੇ ਹਨ।
90 ਸਾਲ ਦੀ ਉਮਰ ਤਕ ਪਹੁੰਚਦਿਆਂ-ਪਹੁੰਚਦਿਆਂ ਅਕਸਰ ਸਰੀਰ ਕਮਜ਼ੋਰ ਹੋ ਜਾਂਦਾ ਹੈ ਪਰ ਅੱਜ ਤੁਹਾਨੂੰ ਅਜਿਹੇ ਬਜ਼ੁਰਗਾਂ ਬਾਰੇ ਦੱਸਾਂਗੇ, ਜਿਨ੍ਹਾਂ ਉਮਰ ਤੇ ਬੁਢਾਪੇ ਨੂੰ ਪਿੱਛੇ ਛੱਡਦਿਆਂ ਲੰਮੀਆਂ ਪੁਲਾਂਘਾਂ ਪੁੱਟੀਆਂ ਤੇ ਦੁਨੀਆ 'ਤੇ ਚੰਗਾ ਨਾਮਣਾ ਖੱਟਿਆ।