ਪਹਾੜਾਂ 'ਤੇ ਬਰਫਬਾਰੀ ਨੇ ਬਦਲਿਆ ਮੌਸਮ, ਵੇਖੋ ਤਸਵੀਰਾਂ
ਮੌਸਮ ਵਿਭਾਗ ਨੇ ਕਿਹਾ ਹੈ ਕਿ ਮੰਗਲਵਾਰ ਤੇ ਬੁੱਧਵਾਰ ਨੂੰ ਦਿੱਲੀ 'ਚ ਬਾਰਸ਼ ਹੋ ਸਕਦੀ ਹੈ। ਮੰਗਲਵਾਰ ਸਵੇਰੇ ਦਿੱਲੀ ਦਾ ਤਾਪਮਾਨ 13 ਡਿਗਰੀ ਦਰਜ ਕੀਤਾ ਗਿਆ।
ਸੋਮਵਾਰ ਨੂੰ ਹਲਕੀ ਬਾਰਸ਼ ਕਰਕੇ ਪੰਜਾਬ ਤੇ ਹਰਿਆਣਾ 'ਚ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਗਿਆ। ਮੰਗਲਵਾਰ ਤੱਕ ਬਾਰਸ਼ ਜਾਰੀ ਰਹਿਣ ਦੀ ਸੰਭਾਵਨਾ ਹੈ। ਮੌਸਮ ਬਿਊਰੋ ਨੇ ਇਹ ਜਾਣਕਾਰੀ ਦਿੱਤੀ। ਸੂਬੇ ਦੀ ਰਾਜਧਾਨੀ ਚੰਡੀਗੜ੍ਹ ਸਣੇ ਪੰਜਾਬ ਦੇ ਇਲਾਕਿਆਂ 'ਚ ਹਲਕੀ ਬਾਰਸ਼ ਹੋ ਰਹੀ ਹੈ। 4.6 ਡਿਗਰੀ ਸੈਲਸੀਅਸ ਤਾਪਮਾਨ ਦੇ ਨਾਲ ਗੁਰਦਾਸਪੁਰ ਪੰਜਾਬ ਦਾ ਸਭ ਤੋਂ ਠੰਢਾ ਜ਼ਿਲ੍ਹਾ ਰਿਹਾ।
ਉਧਰ ਬਰਫ਼ਬਾਰੀ ਕਾਰਨ ਕਸ਼ਮੀਰ ਘਾਟੀ 'ਚ ਵੀ ਹਾਲਾਤ ਖ਼ਰਾਬ ਹਨ। ਬਰਫ਼ ਪੈਣ ਕਾਰਨ ਕਸ਼ਮੀਰ ਘਾਟੀ ਦੇਸ਼ ਦੇ ਹੋਰ ਹਿੱਸਿਆਂ ਤੋਂ ਕੱਟ ਗਿਆ ਹੈ। ਰਾਮਬਨ ਨੇੜੇ ਜੰਮੂ-ਸ੍ਰੀਨਗਰ ਹਾਈਵੇਅ ਬੰਦ ਹੋ ਗਿਆ ਹੈ। ਕਾਜ਼ੀਗੁੰਡ 'ਚ ਸੈਂਕੜੇ ਟਰੱਕ ਹਾਈਵੇਅ 'ਤੇ ਫਸੇ ਹੋਏ ਹਨ।
ਹਰਿਆਣਾ ਦੇ ਅੰਬਾਲਾ ਸ਼ਹਿਰ 'ਚ ਤਾਪਮਾਨ 10.5 ਡਿਗਰੀ, ਹਿਸਾਰ 'ਚ 7.8 ਡਿਗਰੀ ਅਤੇ ਨਾਰਨੌਲ 'ਚ 8.2 ਡਿਗਰੀ ਦਰਜ ਕੀਤਾ ਗਿਆ। ਚੰਡੀਗੜ੍ਹ ਦਾ ਤਾਪਮਾਨ 11.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਐਤਵਾਰ ਦੁਪਹਿਰ ਤੋਂ ਮਨਾਲੀ ਦੇ ਹੇਠਲੇ ਇਲਾਕਿਆਂ 'ਚ ਬਾਰਸ਼ ਤੇ ਮਨਾਲੀ ਦੇ ਸਾਰੇ ਇਲਾਕਿਆਂ 'ਚ ਬਰਫ਼ਬਾਰੀ ਜਾਰੀ ਹੈ। ਰੋਹਤਾਂਗ ਰਾਹ 'ਤੇ ਦੋ ਫੁੱਟ ਤੋਂ ਜ਼ਿਆਦਾ ਬਰਫ਼ਬਾਰੀ ਹੋਈ ਹੈ। ਇਸ ਤੋਂ ਇਲਾਵਾ ਸੋਲੰਗਨਾਲਾ 'ਚ ਸੋਮਵਾਰ ਨੂੰ 7 ਇੰਚ ਬਰਫ਼ਬਾਰੀ ਦਰਜ ਕੀਤੀ ਗਈ।
ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਤੇ ਇਸ ਦੇ ਨੇੜੇ ਤੇ ਸੈਰ-ਸਪਾਟਾ ਸਥਾਨਾਂ 'ਤੇ ਸੋਮਵਾਰ ਨੂੰ ਬਰਫ਼ਬਾਰੀ ਹੋਈ ਜਿਸ ਨਾਲ ਰਿਜੋਰਟ ਨੇੜੇ ਦ੍ਰਿਸ਼ ਕਾਫੀ ਸੋਹਣੇ ਹੋ ਗਏ। ਹਾਲਾਂਕਿ, ਇਸ ਬਰਫ਼ਬਾਰੀ ਕਰਕੇ ਕੁਲੂ-ਸੋਲੰਗ ਸੜਕ 'ਤੇ ਭਾਰੀ ਜਾਮ ਵੀ ਲੱਗ ਗਿਆ।
ਉੱਤਰਾਖੰਡ, ਹਿਮਾਚਲ ਪ੍ਰਦੇਸ਼ ਦੇ ਨਾਲ-ਨਾਲ ਪੱਛਮੀ ਹਿਮਾਲਿਆ ਦੇ ਹਿੱਸਿਆਂ 'ਚ ਬਰਫ਼ ਪੈਣ ਤੇ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਇੰਨਾ ਹੀ ਨਹੀਂ ਪੰਜਾਬ ਤੇ ਹਰਿਆਣਾ 'ਚ ਵੀ ਗਰਜ ਨਾਲ ਮੀਂਹ ਪੈ ਸਕਦਾ ਹੈ।
ਸ਼ਿਮਲਾ 'ਚ ਘੱਟੋ-ਘੱਟ ਤਾਪਮਾਨ 0.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸ਼ਿਮਲਾ ਦੇ ਕੁਝ ਇਲਾਕਿਆਂ 'ਚ ਵੀ ਬਰਫ਼ਬਾਰੀ ਦੇਖੀ ਜਾ ਸਕਦੀ ਹੈ। ਚੰਬਾ ਜ਼ਿਲ੍ਹੇ ਦੇ ਭਰਮੌਰ 'ਚ 5 ਸੈਮੀ ਬਰਫ਼ਬਾਰੀ ਹੋਈ। ਲਾਹੌਲ-ਸਪੀਤੀ ਦਾ ਜ਼ਿਲ੍ਹਾ ਹੈੱਡਕੁਆਟਰ ਕੈਲਾਓਂਗ ਦਾ ਤਾਪਮਾਨ 9 ਡਿਗਰੀ ਸੈਲਸੀਅਸ ਤਾਪਮਾਨ ਸੀ, ਜਿਸ ਨਾਲ ਇਹ ਸੂਬੇ ਦਾ ਸਭ ਤੋਂ ਠੰਢਾ ਇਲਾਕਾ ਰਿਹਾ।
ਉੱਤਰ ਭਾਰਤ ਦੇ ਪਹਾੜੀ ਇਲਾਕਿਆਂ 'ਚ ਭਾਰੀ ਬਰਫ਼ਬਾਰੀ ਕਾਰਨ ਮੈਦਾਨੀ ਇਲਾਕਿਆਂ 'ਚ ਠੰਢ ਦੁਬਾਰਾ ਮਹਿਸੂਸ ਹੋਣ ਲੱਗੀ ਹੈ। ਜੰਮੂ-ਕਸ਼ਮੀਰ ਤੇ ਇਸ ਦੇ ਨਾਲ ਲੱਗਦੇ ਹਿੱਸੇ ਤੋਂ ਪੱਛਮੀ ਗੜਬੜੀ ਹੁਣ ਅੱਗੇ ਵਧ ਰਹੀ ਹੈ।