ਚੱਕਰਵਾਤੀ ਤੂਫ਼ਾਨ 'ਵਾਯੂ' ਨੇ ਫਿਰ ਬਦਲਿਆ ਰਾਹ, ਗੁਜਰਾਤੀਆਂ ਲਈ ਮੁਸੀਬਤ ਬਰਕਰਾਰ
ਪੱਛਮ ਰੇਲਵੇ ਨੇ 40 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ। ਭਾਰਤੀ ਫੌਜ ਦੀਆਂ ਯੁੱਧਪੋਤਾਂ ਤੇ ਜਹਾਜ਼ਾਂ ਨੂੰ ਵੀ ਤਿਆਰ ਰਹਿਣ ਲਈ ਕਿਹਾ ਗਿਆ ਹੈ।
ਐਨਡੀਆਰਐਫ ਦੀਆਂ 45 ਮੈਂਬਰੀ ਕਰੀਬ 52 ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਫੌਜ ਦੀਆਂ 10 ਟੁਕੜੀਆਂ ਤਿਆਰ ਰੱਖੀਆਂ ਗਈਆਂ ਹਨ।
ਫੌਜ, ਹਵਾਈ ਫੌਜ ਤੇ ਐਨਡੀਆਰਐਫ ਦੀਆਂ ਟੀਮਾਂ ਸੂਬੇ ਵਿੱਚ ਤਾਇਨਾਤ ਹਨ ਤੇ ਤਟੀ ਜ਼ਿਲ੍ਹਿਆਂ ਵਿੱਚ ਬਚਾਅ ਤੇ ਰਾਹਤ ਕਾਰਜਾਂ ਲਈ ਤਿਆਰ ਹਨ। ਭਾਰਤੀ ਤਟਰੱਖਿਅਕ ਬਲ ਨੇ ਵੀ ਜਹਾਜ਼ ਤਾਇਨਾਤ ਕਰ ਲਏ ਹਨ।
ਕੇਂਦਰੀ ਭੂ ਵਿਗਿਆਨ ਮੰਤਰੀ ਹਰਸ਼ ਵਰਧਨ ਨੇ ਕਿਹਾ ਕਿ ਉਹ ਉਨ੍ਹਾਂ ਸਾਰੇ ਪਰਿਵਾਰਾਂ ਦੇ ਭਲੇ ਦੀ ਪ੍ਰਾਰਥਨਾ ਕਰਦੇ ਹਨ ਜਿਨ੍ਹਾਂ ਦੇ ਤੂਫ਼ਾਨ ਨਾਲ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ।
ਇਸ ਤੋਂ ਪਹਿਲਾਂ ਚੱਕਰਵਾਤੀ ਤੂਫ਼ਾਨ ਵਾਯੂ ਦਾ ਅਸਰ ਗੁਜਰਾਤ ਵਿੱਚ ਦਿੱਸਣਾ ਸ਼ੁਰੂ ਹੋ ਗਿਆ ਹੈ। ਤੇਜ਼ ਹਵਾਵਾਂ ਦੇ ਕਰਕੇ ਗਿਰ ਸੋਮਨਾਥ ਜ਼ਿਲ੍ਹੇ ਸਥਿਤ ਸੋਮਨਾਥ ਮੰਦਰ ਦਾ ਸ਼ੈੱਡ ਉੱਡ ਗਿਆ ਸੀ।
ਵਾਯੂ ਦੇ ਅਲਰਟ ਦੇ ਬਾਵਜੂਦ ਸੋਮਨਾਥ ਮੰਦਰ ਬੰਦ ਨਹੀਂ ਕੀਤਾ ਗਿਆ। ਗੁਜਰਾਤ ਦੇ ਮੰਤਰੀ ਭੁਪਿੰਦਰ ਸਿੰਘ ਚੂਡਾਸਮਾ ਨੇ ਕਿਹਾ ਕਿ ਸੋਮਨਾਥ ਮੰਦਰ ਨੂੰ ਬੰਦ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਸੈਲਾਨੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਨਾ ਆਉਣ ਪਰ ਕਈ ਸਾਲਾਂ ਤੋਂ ਇੱਥੇ ਆਰਤੀ ਹੁੰਦੀ ਹੈ, ਇਸ ਨੂੰ ਰੋਕਿਆ ਨਹੀਂ ਜਾ ਸਕਦਾ।
ਮੌਸਮ ਵਿਭਾਗ ਮੁਤਾਬਕ 13 ਜੂਨ ਨੂੰ ਦੁਪਹਿਰ ਸੌਰਾਸ਼ਟਰ ਤਟ ਕੋਲ ਚੱਕਰਵਾਤੀ ਤੂਫ਼ਾਨ ਵਾਯੂ 135 ਤੋਂ 160 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੁਜ਼ਰਨਾ ਸੀ। ਇਸ ਨਾਲ ਤਟਵਰਤੀ ਜ਼ਿਲ੍ਹੇ ਦੀਪ, ਗਿਰ ਸੋਮਨਾਥ, ਜੂਨਾਗੜ੍ਹ, ਪੋਰਬੰਦਰ ਤੇ ਦਵਾਰਕਾ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਸੀ।
ਇਸ ਦਾ ਅਸਰ ਸੂਬੇ ਦੇ ਤਟੀ ਜ਼ਿਲ੍ਹਿਆਂ ਵਿੱਚ ਵੇਖਣ ਨੂੰ ਜ਼ਰੂਰ ਮਿਲੇਗਾ। ਪ੍ਰਸ਼ਾਸਨ ਨੇ ਪੂਰੀ ਤਿਆਰੀ ਕੀਤੀ ਹੋਈ ਹੈ। 3 ਲੱਖ ਲੋਕਾਂ ਨੂੰ ਸੁਰੱਖਿਆ ਥਾਵਾਂ 'ਤੇ ਪਹੁੰਚਾਇਆ ਗਿਆ ਸੀ।
ਦੱਸ ਦੇਈਏ ਇਸ ਤੋਂ ਪਹਿਲਾਂ ਵੀ ਸਾਈਕਲੋਨ ਵਾਯੂ ਨੇ ਆਪਣਾ ਰਾਹ ਬਦਲ ਲਿਆ ਸੀ ਜਿਸ ਵਜ੍ਹਾ ਕਰਕੇ ਇਹ ਗੁਜਰਾਤ ਦੇ ਤਟ ਨਾਲ ਨਹੀਂ ਟਕਰਾਇਆ ਤਾਂ ਕਿਹਾ ਜਾ ਰਿਹਾ ਸੀ ਕਿ ਖ਼ਤਰਾ ਟਲ਼ ਗਿਆ ਹੈ ਪਰ ਹੁਣ ਫਿਰ ਇਸ ਦੇ ਦਸਤਕ ਦੇਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਮੰਤਰਾਲੇ ਦੇ ਸਕੱਤਰ ਐਮ ਰਾਜੀਵਨ ਨੇ ਦੱਸਿਆ ਕਿ ਵਾਯੂ ਦੇ 16 ਜੂਨ ਨੂੰ ਆਪਣਾ ਰਾਹ ਬਦਲਣ ਤੇ 17-18 ਜੂਨ ਨੂੰ ਕੱਛ ਵਿੱਚ ਦਸਤਕ ਦੇਣ ਦੀ ਸੰਭਾਵਨਾ ਹੈ। ਹਾਲਾਂਕਿ ਚੱਕਰਵਾਤ ਘੱਟ ਖ਼ਤਰਨਾਕ ਹੋਏਗਾ।
ਚੱਕਰਵਾਤੀ ਤੂਫ਼ਾਨ 'ਵਾਯੂ' ਦੇ ਰਾਹ ਬਦਲਣ ਤੇ ਗੁਜਰਾਤ ਦੇ ਕੱਛ ਤਟ 'ਤੇ ਦਸਤਕ ਦੇਣ ਦੀ ਸੰਭਾਵਨਾ ਹੈ। ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਇੱਕ ਆਹਲਾ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।