ਦੀਵਾਲੀ 'ਤੇ ਪਾਕਿ ਦਾ ਹਿੰਦੂਆਂ ਨੂੰ ਵੱਡਾ ਤੋਹਫਾ, ਖੋਲ੍ਹਿਆ 1000 ਸਾਲ ਪੁਰਾਣਾ ਮੰਦਰ
ਸ਼ਿਵਾਲਾ ਤੇਜਾ ਸਿੰਘ ਮੰਦਰ ਦੀ ਇਤਿਹਾਸਕ ਡਿਓਢੀ ਦੇ ਸਤੰਭਾਂ ਦੀ ਮੁਰੰਮਤ ਕਰ ਕੇ ਉਸ ਵਿੱਚ ਚਿੱਟੇ ਰੰਗ ਦਾ ਪੇਂਟ ਕੀਤਾ ਗਿਆ ਹੈ।
ਪਾਕਿਸਤਾਨ ਸਰਕਾਰ ਨੇ ਸਿਆਲਕੋਟ ਸਥਿਤ ਇੱਕ ਹਜ਼ਾਰ ਸਾਲ ਪੁਰਾਣੇ ਇਤਿਹਾਸਕ ਸ਼ਿਵਾਲਾ ਤੇਜਾ ਸਿੰਘ ਮੰਦਰ ਦਾ ਨਵੀਨੀਕਰਨ ਕਰਕੇ ਇਸ ਨੂੰ ਪਾਕਿਸਤਾਨ ਹਿੰਦੂ ਕੌਂਸਲ ਦੇ ਹਵਾਲੇ ਕਰ ਦਿੱਤਾ ਹੈ।
ਈਵੇਕਿਊਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਦੇ ਪ੍ਰਧਾਨ ਡਾ. ਅਮੀਰ ਅਹਿਮਦ ਨੇ ਸ਼ੁੱਕਰਵਾਰ ਸਵੇਰੇ ਪਾਕਿਸਤਾਨ ਹਿੰਦੂ ਪ੍ਰੀਸ਼ਦ ਦੇ ਮੈਂਬਰਾਂ ਤੇ ਸਿਆਲਕੋਟ ਵਿੱਚ ਵਸਦੇ ਹਿੰਦੂਆਂ ਦੇ ਨਾਲ ਮੰਦਰ ਦਾ ਉਦਘਾਟਨ ਕੀਤਾ।
ਪਾਕਿਸਤਾਨ ਹਿੰਦੂ ਕੌਂਸਲ ਕਈ ਸਾਲਾਂ ਤੋਂ ਇਸ ਮੰਦਰ ਨੂੰ ਖੋਲ੍ਹਣ ਤੇ ਇਸ ਦੇ ਨਵੀਨੀਕਰਨ ਲਈ ਕੋਸ਼ਿਸ਼ ਕਰ ਰਹੀ ਹੈ। ਇਸ ਸਾਲ 2 ਜੁਲਾਈ ਨੂੰ, ਪਾਕਿਸਤਾਨ ਸਰਕਾਰ ਨੇ ਮੰਦਰ ਦੁਬਾਰਾ ਖੋਲ੍ਹਣ ਦਾ ਐਲਾਨ ਕੀਤਾ ਸੀ।
ਇਹ ਮੰਦਰ ਸਿਆਲਕੋਟ ਸ਼ਹਿਰ ਦੇ ਭੀੜ ਵਾਲੇ ਮੁਹੱਲਾ ਧਾਰੋਵਾਲ ਦੇ ਨੇੜੇ ਸਰਕੂਲਰ ਰੋਡ 'ਤੇ ਸਥਿਤ ਹੈ। ਮੰਦਰ ਵਿਚ ਰੱਖੀਆਂ ਗਈਆਂ ਮੂਰਤੀਆਂ ਲਗਪਗ ਇਕ ਹਜ਼ਾਰ ਸਾਲ ਪੁਰਾਣੀਆਂ ਦੱਸੀਆ ਜਾਂਦੀਆਂ ਹਨ।
ਮੰਦਰ ਦੀਆਂ ਬਾਹਰੀ ਦੀਵਾਰਾਂ ਵਿੱਚ ਭਗਵਾਨ ਸ਼ੰਕਰ, ਰਾਧਾ ਕ੍ਰਿਸ਼ਨ ਅਤੇ ਹੋਰ ਹਿੰਦੂ ਦੇਵੀ ਦੇਵਤਿਆਂ ਦੀਆਂ ਫੋਟੋਆਂ ਵੀ ਲਗਾਈਆਂ ਗਈਆਂ ਹਨ।