ਚਲਾਉਣੀ ਦਮਦਾਰ SUV ਤਾਂ ਇਹ ਨੇ ਬੈਸਟ ਗੱਡੀਆਂ
ਇਸ ਸਮੇਂ ਦੇਸ਼ ਵਿੱਚ ਮੀਂਹ ਦੀ ਰੁੱਤ ਹੈ। ਬਹੁਤ ਸਾਰੀਆਂ ਥਾਵਾਂ 'ਤੇ ਪਾਣੀ ਭਰਿਆ ਹੋਇਆ ਹੈ ਤੇ ਥਾਂ-ਥਾਂ ਚਿੱਕੜ ਹੈ। ਅਜਿਹੇ ਵਿੱਚ 4X4 ਗੱਡੀਆਂ ਬਿਹਤਰ ਸਾਬਤ ਹੁੰਦੀਆਂ ਹਨ, ਕਿਉਂਕਿ ਇਨ੍ਹਾਂ ਵਿੱਚ ਪਾਵਰ ਤੇ ਬ੍ਰੇਕਾਂ ਚਾਰੇ ਚੱਕਿਆਂ ਵਿੱਚ ਮਿਲਦੀਆਂ ਹਨ। ਇਸ ਤੋਂ ਇਲਾਵਾ ਐਸਯੂਵੀ ਦੀ ਦਿੱਖ ਬਹੁਤ ਆਕਰਸ਼ਕ ਹੁੰਦੀ ਹੈ ਤੇ ਪੰਜਾਬੀਆਂ ਨੂੰ ਬੇਹੱਦ ਪਸੰਦ ਆਉਂਦੀ ਹੈ।
ਟਾਟਾ ਹੈਕਸਾ (ਕੀਮਤ 12.49 ਲੱਖ ਰੁਪਏ ਤੋਂ ਸ਼ੁਰੂ)- ਹੈਕਸਾ ਟਾਟਾ ਦੀ ਐਸਯੂਵੀ ਹੈ ਪਰ ਇਸ ਦੀ ਦਿੱਖ ਐਮਪੀਵੀ ਵਰਗੀ ਹੈ। ਹੈਕਸਾ ਵਿੱਚ 2.2 ਲੀਟਰ ਦਾ VARICOR ਇੰਜਣ ਹੈ, ਪਰ ਇਸ ਦੇ ਵੀ ਦੋ ਵਿਕਲਪ ਹਨ। ਦੋਵਾਂ ਦੀ ਤਾਕਤ ਵਿੱਚ 19-21 ਦਾ ਫਰਕ ਹੈ। ਹੈਕਸਾ ਦਾ VARICOR 320 ਇੰਜਣ 150 ਪੀਐਸ ਪਾਵਰ ਤੇ 320 ਐਨਐਮ ਟਾਰਕ ਪੈਦਾ ਕਰਦਾ ਹੈ। VARICOR 400 ਇੰਜਣ 156 ਪੀਐਸ ਪਾਵਰ ਤੇ 400 ਐਨਐਮ ਟਾਰਕ ਪੈਦਾ ਕਰਦਾ ਹੈ। ਹੈਕਸਾ ਵਿੱਚ ਕਈ ਤਰ੍ਹਾਂ ਦੇ ਮਾਡਲ ਹਨ ਤੇ ਇਸ ਵਿੱਚ ਆਟੋਮੈਟਿਕ ਟ੍ਰਾਂਸਮਿਸ਼ਨ 4X4 ਵਿਕਲਪ ਨਾਲ ਵੀ ਆਉਂਦਾ ਹੈ।
ਜੀਪ ਕੰਪਾਸ (15.35 ਲੱਖ ਰੁਪਏ ਤੋਂ ਸ਼ੁਰੂ)- ਅਮਰੀਕੀ ਐਸਯੂਵੀ ਨਿਰਮਾਤਾ ਜੀਪ ਨੇ ਭਾਰਤ ਵਿੱਚ ਕੰਪਾਸ ਨਾਲ ਕਾਫੀ ਪ੍ਰਸਿੱਧੀ ਹਾਸਲ ਕਰ ਲਈ ਹੈ। ਕੰਪਾਸ ਵਿੱਚ ਦੋ ਇੰਜਣ ਵਿਕਲਪ ਮਿਲਦੇ ਹਨ ਜਿਸ ਵਿੱਚ ਪਹਿਲਾ ਹੈ 1.4 ਲੀਟਰ ਮਲਟੀਏਅਰ ਟਰਬੋਚਾਰਜਡ ਪੈਟ੍ਰੋਲ ਇੰਜਣ ਤੇ ਦੂਜਾ 2.0 ਲੀਟਰ ਟਰਬੋਚਾਰਜਡ ਡੀਜ਼ਲ ਇੰਜਣ। ਪੈਟ੍ਰੋਲ ਇੰਜਣ 162PS ਦੀ ਪਾਵਰ ਤੇ 250Nm ਟਾਰਕ ਦਿੰਦਾ ਹੈ ਜਦਕਿ ਡੀਜ਼ਲ ਇੰਜਣ 173PS ਪਾਵਰ ਤੇ 350Nm ਦੀ ਟਾਰਕ ਪੈਦਾ ਕਰਦਾ ਹੈ। ਡੀਜ਼ਲ ਇੰਜਣ ਨਾਲ 6 ਸਪੀਡ ਮੈਨੂਅਲ ਟ੍ਰਾਂਸਮਿਸ਼ਨ ਤੇ ਪੈਟ੍ਰੋਲ ਨਾਲ 7 ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਦਾ ਵਿਕਲਪ ਵੀ ਆਉਂਦਾ ਹੈ।
ਮਹਿੰਦਰਾ ਸਕਾਰਪੀਓ (ਕੀਮਤ 9.4 ਲੱਖ ਰੁਪਏ ਤੋਂ ਸ਼ੁਰੂ)- ਐਸਯੂਵੀ ਬਣਾਉਣ ਵਿੱਚ ਮਹਿੰਦਰਾ ਦੀ ਸਰਦਾਰੀ ਹੈ ਤੇ ਸਕਾਰਪਿਓ ਕਿਸੇ ਪਛਾਣ ਦੀ ਮੁਥਾਜ ਨਹੀਂ। ਥਾਰ ਵਾਂਗ ਵੀ ਸਕਾਰਪਿਓ ਦੋ ਇੰਜਣ ਵਿਕਲਪ ਨਾਲ ਆਉਂਦੀ ਹੈ। 2.5 ਲੀਟਰ ਵਾਲਾ m2DICR 4 ਇੰਜਣ ਹੈ ਜੋ 75 ਬੀਐਚਪੀ ਦੀ ਪਾਵਰ ਦਿੰਦਾ ਹੈ ਤੇ 200 ਐਨਐਮ ਦੀ ਟਾਰਕ ਪੈਦਾ ਕਰਦਾ ਹੈ। ਇਸ ਤੋਂ ਬਾਅਦ 2.2 ਲੀਟਰ ਦਾ mHawk ਇੰਜਣ ਹੈ ਜੋ ਪਹਿਲੇ ਨਾਲੋਂ ਆਧੁਨਿਕ ਹੈ ਤੇ 120 ਤੇ 140 ਬੀਐਚਪੀ ਪਾਵਰ ਤੇ 280 ਤੇ 320 ਐਨਐਮ ਟਾਰਕ ਪੈਦਾ ਕਰਦਾ ਹੈ। ਸਕਾਰਪਿਓ ਆਪਣੇ ਟਾਪ ਮਾਡਲ ਵਿੱਚ ਹੀ 4X4 ਦਾ ਵਿਕਲਪ ਦਿੰਦੀ ਹੈ।
ਫੋਰਸ ਗੁਰਖਾ (ਕੀਮਤ 9.88 ਲੱਖ ਰੁਪਏ ਤੋਂ ਸ਼ੁਰੂ)- ਫੋਰਸ ਦੀ ਗੁਰਖਾ ਜ਼ਬਰਦਸਤ ਦਿੱਖ ਵਾਲੀ ਐਸਯੂਵੀ ਹੈ। ਗੁਰਖਾ ਵਿੱਚ 2.6 ਲੀਟਰ ਦਾ ਚਾਰ ਸਿਲੰਡਰ ਡੀਜ਼ਲ ਇੰਜਣ ਹੈ, ਜੋ 85 PS ਪਾਵਰ ਤੇ 230 Nm ਟਾਰਕ ਪੈਦਾ ਕਰਦਾ ਹੈ। ਗੁਰਖਾ ਦੀ ਖਾਸੀਅਤ ਇਸ ਦਾ ਸਸਪੈਨਸ਼ਨ ਸਿਸਟਮ ਹੈ। ਇਸ ਤੋਂ ਇਲਾਵਾ ਇਹ ਗੱਡੀ ਤਿੰਨ ਤੇ ਪੰਜ ਤਾਕੀਆਂ ਦੇ ਵਿਕਲਪ ਵਿੱਚ ਉਪਲਬਧ ਹੈ।
ਮਹਿੰਦਰਾ ਥਾਰ (ਕੀਮਤ 7 ਲੱਖ ਰੁਪਏ ਤੋਂ ਸ਼ੁਰੂ)- ਮਹਿੰਦਰਾ ਦੀ ਥਾਰ ਇੱਕ ਦਮਦਾਰ ਗੱਡੀ ਹੈ। ਇਸ ਵਿੱਚ ਦੋ ਇੰਜਣ ਵਿਕਲਪ ਹਨ। ਪਹਿਲਾ ਹੈ DI ਜੋ ਕਿ 2.5 ਲੀਟਰ ਦਾ ਚਾਰ ਸਿਲੰਡਰ ਡੀਜ਼ਲ ਇੰਜਣ ਹੈ ਜੋ 64 ਪੀਐਸ ਦੀ ਪਾਵਰ ਤੇ 195 ਐਨਐਮ ਦੀ ਟਾਰਕ ਦਿੰਦਾ ਹੈ। ਅਗਲਾ ਇੰਜਣ ਹੈ CRDe ਜਿਸ ਦੀ ਸਮਰੱਥਾ 2.2 ਲੀਟਰ ਹੈ ਪਰ ਇਹ 107 ਪੀਐਸ ਦੀ ਪਾਵਰ ਦਿੰਦਾ ਹੈ ਤੇ 247 ਐਨਐਮ ਟਾਰਕ ਦਿੰਦਾ ਹੈ। ਦੋਵਾਂ ਇੰਜਣਾਂ ਨਾਲ 5 ਸਪੀਡ ਗਿਅਰ ਮਿਲਦਾ ਹੈ।
4X4 ਤੇ 4X2 'ਚ ਫਰਕ- 4X4 ਜਾਂ ਆਲ ਵ੍ਹੀਲ ਡ੍ਰਾਈਵ ਵਿੱਚ ਪਹਿਲੇ 4 ਦਾ ਮਤਲਬ ਚਾਰ ਚੱਕੇ ਤੇ ਅਗਲੇ ਸਥਾਨ ਤੇ 4 ਜਾਂ 2 ਦਾ ਮਤਲਬ ਕਿੰਨੇ ਚੱਕਿਆਂ ਰਾਹੀਂ ਇੰਜਣ ਦੀ ਪਾਵਰ ਪਹੁੰਚ ਰਹੀ ਹੈ। 4X4 ਦਾ ਮਤਲਬ ਸਾਰੇ ਚੱਕਿਆਂ ਨੂੰ ਪਾਵਰ ਮਿਲਦੀ ਹੈ ਜਦਕਿ 4X2 ਦਾ ਮਤਲਬ ਸਿਰਫ਼ ਦੋ ਚੱਕਿਆਂ ਨੂੰ ਇੰਜਣ ਦੀ ਪਾਵਰ ਮਿਲਦੀ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਨ੍ਹਾਂ ਗੱਡੀਆਂ ਬਾਰੇ ਜੋ ਖ਼ਰਾਬ ਰਾਹਾਂ 'ਤੇ ਤੁਹਾਡਾ ਸਫਰ ਸੌਖ ਨਾਲ ਪੂਰਾ ਕਰਵਾਉਣ ਦੀ ਕਾਬਲੀਅਤ ਰੱਖਦੀਆਂ ਹਨ।