ਮੁੱਖ ਮੰਤਰੀ ਦੇ ਸ਼ਾਹੀ ਸ਼ਹਿਰ ’ਚ ਗੂੰਜੇ ਬੇਰੁਜ਼ਗਾਰ ਅਧਿਆਪਕਾਂ ਦੇ ਨਾਅਰੇ
ਇਸ ਮੌਕੇ ਅਧਇਆਪਕਾਂ ਨੇ ਸਾਰੇ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਉਮੀਦਵਾਰਾਂ ਨੂੰ ਭਰਤੀ ਕੀਤੇ ਜਾਣ, ਸਰਕਾਰੀ ਸਕੂਲਾਂ ਵਿੱਚ ਖਾਲੀ ਅਸਾਮੀਆਂ ਰੈਗੂਲਰ ਆਧਾਰ ’ਤੇ ਭਰਨ, ਭਰਤੀ ਪ੍ਰਕਿਰਿਆਵਾਂ ਨੂੰ ਨਿਰਧਾਰਤ ਦਿਨਾਂ ਵਿੱਚ ਪੂਰਾ ਕਰਨ, ਇੱਕ ਅਧਿਆਪਕ ਤੋਂ ਸਿਰਫ ਉਸ ਦੇ ਸਬੰਧਤ ਵਿਸ਼ੇ ਦਾ ਹੀ ਕੰਮ ਲੈਣ ਅਤੇ ਨਿੱਜੀਕਰਨ ਦੀ ਨੀਤੀ ਬੰਦ ਕਰਕੇ ਵਿਦਿਆਰਥੀਆਂ ਦੀ ਗਿਣਤੀ ਨੂੰ ਮੁੱਖ ਰੱਖਦਿਆਂ ਨਵੀਆਂ ਅਸਾਮੀਆਂ ਸਿਰਜਣ ਦੀ ਮੰਗ ਕੀਤੀ।
ਸੂਬਾ ਜਨਰਲ ਸਕੱਤਰ ਗੁਰਜੀਤ ਕੌਰ ਖੇੜੀ ਨੇ ਕਿਹਾ ਕਿ ਸਰਕਾਰ ਦੇ ਸਰਕਾਰੀ ਸਕੂਲ ਪ੍ਰਬੰਧ ਨੂੰ ਖਤਮ ਕਰਨ ਲਈ ਹਰ ਦਿਨ ਲਏ ਜਾ ਰਹੇ ਸਿੱਖਿਆ ਵਿਰੋਧੀ ਫੈਸਲਿਆਂ ਦਾ ਡਟਵਾਂ ਵਿਰੋਧ ਕਰਨ ਲਈ ਪੰਜਾਬ ਦੀਆਂ ਵੱਖ-ਵੱਖ ਜਨਤਕ ਜਮਹੂਰੀ ਜਥੇਬੰਦੀਆਂ ਦੇ ਸਹਿਯੋਗ ਨਾਲ਼ 'ਸਿੱਖਿਆ ਬਚਾਓ ਲਹਿਰ' ਖੜ੍ਹੀ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨਿੱਜੀਕਰਨ ਤੇ ਉਦਾਰੀਕਰਨ ਦੀਆਂ ਨੀਤੀਆਂ ਦੇ ਤਹਿਤ ਦੇਸ਼ ਦਾ ਦਿਵਾਲਾ ਨਿਕਲ ਰਿਹਾ ਹੈ। ਕਿਊਬਾ ਵਰਗੇ ਦੇਸ਼ਾਂ ਅੰਦਰ ਹਰੇਕ ਵਿਅਕਤੀ ਲਈ ਪੜ੍ਹਾਈ ਮੁਫ਼ਤ ਹੈ, ਪਰ ਭਾਰਤ ’ਚ ਸਰਕਾਰੀ ਸਕੂਲਾਂ-ਕਾਲਜਾਂ ਨੂੰ ਨਿੱਜੀ ਕੰਪਨੀਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਇਸ ਖ਼ਿਲਾਫ਼ ਅਧਿਆਪਕਾਂ ਨੂੰ ਆਪਣੇ ਸੰਘਰਸ਼ ਤਿੱਖੇ ਕਰਨੇ ਪੈਣਗੇ।
ਰੋਸ ਮੁਜ਼ਾਹਰੇ ਦੌਰਾਨ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰੀ ਸਕੂਲਾਂ 'ਚ ਵੱਡੇ ਪੱਧਰ 'ਤੇ ਅਸਾਮੀਆਂ ਖਾਲੀ ਹਨ ਪਰ ਟੈੱਟ ਪਾਸ 50 ਹਜ਼ਾਰ ਬੇਰੁਜ਼ਗਾਰ ਅਧਿਆਪਕ ਪੱਕੇ ਰੁਜ਼ਗਾਰ ਲਈ ਸੰਘਰਸ਼ ਕਰ ਰਹੇ ਹਨ।
ਪਟਿਆਲਾ: ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ, ਪੰਜਾਬ ਵੱਲੋਂ ਪਟਿਆਲਾ ਸ਼ਹਿਰ ਦੇ ਬਾਰਾਦਰੀ ਗਾਰਡਨ ਨੇੜੇ ਰੋਸ ਮੁਜ਼ਾਹਰਾ ਕੀਤਾ ਗਿਆ। ਤਹਿਸੀਲਦਾਰ ਪ੍ਰਵੀਨ ਕੁਮਾਰ ਸ਼ਰਮਾ ਨੇ ਜਥੇਬੰਦੀ ਦੀ ਸੂਬਾ ਕਮੇਟੀ ਨੂੰ ਸਿੱਖਿਆ ਮੰਤਰੀ ਵੱਲੋਂ ਭੇਜੇ ਮੀਟਿੰਗ ਦੇ ਲਿਖਤੀ ਸੱਦਾ-ਪੱਤਰ ਸੌਂਪਣ ਉਪਰੰਤ ਧਰਨਾ ਚੁੱਕਿਆ ਗਿਆ।