ਨੌਜਵਾਨਾਂ ਨੂੰ ਮਾਤ ਪਾਉਂਦਾ ਦੱਖਣੀ ਅਫਰੀਕਾ ਦਾ ਇਹ ਬਜ਼ੁਰਗ ਜੋੜਾ
ਏਬੀਪੀ ਸਾਂਝਾ | 28 Jan 2018 08:32 PM (IST)
ਸੇਲਵੀਆ ਫੌਸਟਰ ਤੇ ਉਸ ਦੇ ਪਤੀ ਬ੍ਰਾਇਨ ਨੇ ਸੀਨੀਅਰ ਸਿਟੀਜ਼ਨ ਹੋਣ ਦੇ ਬਾਵਜੂਦ ਅਜਿਹਾ ਕਾਰਨਾਮਾ ਕੀਤਾ ਹੈ ਕਿ ਦੁਨੀਆਂ ਹੈਰਾਨ ਹੋ ਰਹੀ ਹੈ। 60 ਸਾਲਾ ਸੇਲਵੀਆ ਤੇ 67 ਸਾਲਾ ਬ੍ਰਾਇਨ ਨੇ ਆਪਣਾ ਖ਼ੁਦ ਦਾ ਜਹਾਜ਼ ਬਣਾਇਆ ਤੇ ਉਸ ਨਾਲ ਦੁਨੀਆ ਦੀ ਸੈਰ ਕਰ ਰਹੇ ਹਨ। ਇਸ ਜੋੜੇ ਨੇ 52 ਵਾਰ ਆਪਣੇ ਆਰ.ਵੀ.-10 ਜਹਾਜ਼ ਰਾਹੀਂ ਉਡਾਣ ਭਰੀ ਜਿਸ ਦਾ ਕੁੱਲ ਸਮਾਂ 260 ਘੰਟੇ ਬਣਦਾ ਹੈ। ਉਨ੍ਹਾਂ ਦੋਵਾਂ ਨੇ ਤਨਜ਼ਾਨੀਆ, ਆਈਸਲੈਂਡ, ਯੂਨਾਈਟਡ ਸਟੇਟਸ, ਨਿਊਜ਼ੀਲੈਂਡ ਤੇ ਸੇਸ਼ੇਲਜ਼ ਦੀ ਸੈਰ ਕੀਤੀ। ਉਨ੍ਹਾਂ ਕੁੱਲ 160 ਦਿਨਾਂ ਵਿੱਚ 32, 428 ਮੀਲ ਦਾ ਸਫਰ ਤੈਅ ਕੀਤਾ ਹੋਇਆ ਹੈ। ਇਹ ਜੋੜਾ ਦੱਖਣੀ ਅਫਰੀਕਾ ਦੇ ਪੋਰਟ ਅਲਫਰੇਡ ਨਾਂਅ ਦੇ ਇਲਾਕੇ ਵਿੱਚ ਰਹਿਣ ਵਾਲਾ ਹੈ। ਦੋਵੇਂ ਮੀਆਂ-ਬੀਵੀ ਸੇਵਾਮੁਕਤ ਹਨ ਤੇ ਆਪਣੀ ਬਿਰਧ ਅਵਸਥਾ ਵਿੱਚ 23 ਦੇਸ਼ਾਂ ਦੇ 43 ਹਵਾਈ ਅੱਡਿਆਂ ਵਿੱਚ ਆਪਣੇ ਹੀ ਬਣਾਏ ਜਹਾਜ਼ ਨਾਲ ਉਤਰਨ ਦਾ ਰਿਕਾਰਡ ਕਾਇੰਮ ਕੀਤਾ। ਬ੍ਰਾਇਨ ਤੇ ਸੇਲਵੀਆ ਨੇ ਇੱਕ ਅਮਰੀਕਨ ਹਵਾਈ ਜਹਾਜ਼ ਕੰਪਨੀ ਵੈਨਜ਼ ਦੇ ਜਹਾਜ਼ ਨੂੰ ਆਪਣੇ ਘਰ ਵਿੱਚ ਤਿਆਰ ਕੀਤਾ। ਇਹ ਇੱਕ ਇੰਜਣ ਵਾਲਾ ਜਹਾਜ਼ ਹੈ ਜਿਸ ਨੂੰ ਇਸ ਜੋੜੇ ਨੇ ਚਾਰ ਸੀਟਾਂ ਵਾਲਾ ਬਣਾਇਆ। ਇਹ ਜਹਾਜ਼ 260 ਐੱਚ.ਪੀ. ਤਾਕਤ ਦਾ ਹੈ ਤੇ ਤਕਰੀਬਨ 200 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਉਡਾਣ ਭਰਨ ਦੇ ਸਮਰੱਥ ਹੈ।