ਕਾਬੁਲ: ਅਫਗਾਨਿਸਤਾਨ ਵਿੱਚ ਹੋਏ ਬੰਬ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ 102 ਹੋ ਗਈ ਹੈ। ਅਜੇ ਇਹ ਗਿਣਤੀ ਵਧਣ ਦੇ ਆਸਾਰ ਹਨ। ਗ੍ਰਹਿ ਮੰਤਰਾਲੇ ਮੁਤਾਬਕ 200 ਤੋਂ ਵੱਧ ਲੋਕ ਜ਼ਖ਼ਮੀ ਹਨ। ਉਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਹੈ। ਇਸ ਲਈ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ।


ਕਾਬਲੇਗੌਰ ਹੈ ਕਿ ਕਾਬੁਲ ਦੇ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਸ਼ਨੀਵਾਰ ਨੂੰ ਧਮਾਕਾਖੇਜ਼ ਸਮੱਗਰੀ ਨਾਲ ਲੱਦੀ ਐਂਬੂਲੈਂਸ ਨਾਲ ਹਮਲਾ ਕੀਤਾ ਗਿਆ ਸੀ। ਪਿਛਲੇ ਹਫ਼ਤੇ ਤਾਲਿਬਾਨ ਅਤਿਵਾਦੀਆਂ ਨੇ ਕਾਬੁਲ ਦੇ ਲਗਜ਼ਰੀ ਹੋਟਲ ’ਤੇ ਹਮਲਾ ਕੀਤਾ ਸੀ, ਜਿਸ ਵਿੱਚ 22 ਜਣੇ ਮਾਰੇ ਗਏ ਸਨ।

ਸਿਹਤ ਮੰਤਰਾਲੇ ਦੇ ਤਰਜਮਾਨ ਵਹੀਦ ਮਾਜਰੋਹ ਨੇ ਦੱਸਿਆ, ‘ਧਮਾਕੇ ਵਿੱਚ 102 ਮੌਤਾਂ ਹੋਈਆਂ ਹਨ ਤੇ 200 ਜਣੇ ਫੱਟੜ ਹੋਏ ਹਨ।’ ਧਮਾਕੇ ਵਾਲੇ ਇਲਾਕੇ ਵਿੱਚ ਯੂਰਪੀਅਨ ਯੂਨੀਅਨ ਸਮੇਤ ਹੋਰ ਕਈ ਆਰਗੇਨਾਈਜ਼ੇਸ਼ਨਾਂ ਦੇ ਦਫ਼ਤਰ ਹਨ। ਇਹ ਧਮਾਕਾ ਇੰਨਾ ਜਬਰਦਸਤ ਸੀ ਕਿ ਦੋ ਕਿਲੋਮੀਟਰ ਦੂਰ ਇਮਾਰਤਾਂ ਦੀਆਂ ਖਿੜਕੀਆਂ ਹਿੱਲ ਗਈਆਂ ਤੇ ਨੇੜਲੀਆਂ ਕਈ ਨੀਵੀਆਂ ਇਮਾਰਤਾਂ ਢਹਿ-ਢੇਰੀ ਹੋ ਗਈਆਂ।

ਗ੍ਰਹਿ ਮੰਤਰਾਲੇ ਦੇ ਉਪ ਤਰਜਮਾਨ ਨਸਰਤ ਰਾਹੀਮੀ ਨੇ ਦੱਸਿਆ, ‘ਫਿਦਾਈਨ ਹਮਲਾਵਰ ਨੇ ਨਾਕਿਆਂ ਤੋਂ ਲੰਘਣ ਲਈ ਐਂਬੂਲੈਂਸ ਦੀ ਵਰਤੋਂ ਕੀਤੀ। ਉਸ ਨੇ ਪਹਿਲੇ ਨਾਕੇ ’ਤੇ ਕਿਹਾ ਕਿ ਉਹ ਮਰੀਜ਼ ਨੂੰ ਜਾਮੂਰੀਏਤ ਹਸਪਤਾਲ ਲਿਜਾ ਰਿਹਾ ਹੈ। ਦੂਜੇ ਨਾਕੇ ਉਤੇ ਪਛਾਣ ਹੋਣ ਉਤੇ ਉਸ ਨੇ ਐਂਬੂਲੈਂਸ ਨੂੰ ਉਡਾ ਦਿੱਤਾ। ਇਹ ਧਮਾਕਾ ਗ੍ਰਹਿ ਮੰਤਰਾਲੇ ਦੀ ਪੁਰਾਣੀ ਇਮਾਰਤ ਨੇੜੇ ਹੋਇਆ ਹੈ।’