ਨਵੀਂ ਦਿੱਲੀ: ਖੂੰਖਾਰ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦਾ ਹਿੱਸਾ ਬਣਨ ਚੱਲੀ ਬਰਤਾਨਵੀ ਸਿੱਖ ਮੁਟਿਆਰ ਨੂੰ ਯੂ.ਕੇ. ਦੀ ਅਦਾਲਤ ਨੇ ਸਾਢੇ ਤਿੰਨ ਸਾਲਾਂ ਦੀ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ। ਦੋਸ਼ੀ ਸੰਦੀਪ ਸਮਰਾ ਨੇ ਜੁਰਮ ਕਬੂਲ ਕਰ ਲਿਆ ਹੈ।
18 ਸਾਲਾ ਸੰਦੀਪ ਨੇ ਇਸਲਾਮ ਧਰਮ ਅਪਣਾ ਲਿਆ ਸੀ ਤੇ ਉਸ ਨੇ ਦਾਅਵਾ ਕੀਤਾ ਸੀ ਕਿ ਉਹ ਜੰਗ ਲੱਗੇ ਸੀਰੀਆ ’ਚ ਨਰਸ ਵਜੋਂ ਕੰਮ ਕਰਨਾ ਚਾਹੁੰਦੀ ਹੈ।
ਬਰਮਿੰਘਮ ਕਰਾਊਨ ਕੋਰਟ ਦੀ ਜੱਜ ਮੈਲਬਰਨ ਇਨਮਾਨ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਨਾਲ ਇਸ ਕੱਟੜਪੰਥੀ ਦਹਿਸ਼ਤਗਰਦੀ ਜਥੇਬੰਦੀ ਤੋਂ ਪ੍ਰਭਾਵਿਤ ਹੈ। ਸੰਦੀਪ ਨੂੰ ਪਿਛਲੇ ਸਾਲ ਜੂਨ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਸਰਕਾਰੀ ਵਕੀਲ ਕਿਊ ਸੀ ਸਾਰਾਹ ਵਾਈਟ ਹਾਊਸ ਨੇ ਅਦਾਲਤ ਨੂੰ ਦੱਸਿਆ ਸੀ ਕਿ ਸਮਰਾ ਦੇ ਇਰਾਦੇ ਵਟਸਐਪ ਅਤੇ ਟੈਲੀਗ੍ਰਾਮ ਰਾਹੀਂ ਭੇਜੇ ਸੰਦੇਸ਼ਾਂ ਤੋਂ ਪ੍ਰਗਟ ਹੁੰਦੇ ਹਨ।
ਕਵੈਂਟਰੀ ਦੇ ਲੇਇੰਗ ਹਾਲ ਸਕੂਲ ਦੀ ਵਿਦਿਆਰਥਣ ਰਹਿ ਚੁੱਕੀ ਸੰਦੀਪ ਸਮਰਾ ਨੇ ਜੁਲਾਈ 2015 ਨੂੰ ਸਿਰਫ 16 ਸਾਲ ਦੀ ਉਮਰ ਵਿੱਚ ਹੀ ਸੀ ਇਸਲਾਮ ਧਰਮ ਅਪਣਾ ਲਿਆ ਸੀ। ਥੋੜ੍ਹੇ ਸਮੇਂ ਬਾਅਦ ਉਸ ਦੇ ਇਸਲਾਮਿਕ ਸਟੇਟ ਦੀ ਹਮਾਇਤੀ ਹੋਣ ਬਾਰੇ ਪਤਾ ਲੱਗਾ ਸੀ।
ਅਦਾਲਤ ਵਿੱਚ ਦੱਸਿਆ ਗਿਆ ਸੀ ਕਿ ਸਤੰਬਰ 2015 ਵਿੱਚ ਸੰਦੀਪ ਸਮਰਾ ਦੇ ਅਧਿਆਪਕਾਂ ਵੱਲੋਂ ਉਸ ਬਾਰੇ ਚਿੰਤਾ ਪ੍ਰਗਟਾਉਣ ਤੋਂ ਬਾਅਦ ਉਸ ਦੇ ਪਿਤਾ ਨੇ ਇੱਕ ਮਹੀਨੇ ਮਗਰੋਂ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਸੀ।
ਜੂਨ 2017 ਵਿੱਚ ਸੰਦੀਪ ਨੇ ਮੁੜ ਪਾਸਪੋਰਟ ਲਈ ਅਰਜ਼ੀ ਦਿੱਤੀ ਸੀ ਤੇ ਇੱਕ ਮਹੀਨੇ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ। ਉਸ ਦਾ ਮੋਬਾਈਲ ਵੀ ਜ਼ਬਤ ਕਰ ਲਿਆ ਗਿਆ ਸੀ, ਜਿਸ ਤੋਂ ਇਹ ਪਤਾ ਲੱਗਾ ਕਿ ਉਹ ਸੀਰੀਆ ਜਾਣ ਦੀ ਯੋਜਨਾ ਬਣਾ ਰਹੀ ਸੀ।