ਲੰਡਨ: ਇੰਗਲੈਂਡ ਵਿੱਚ ਭਾਰਤੀ ਮੂਲ ਦੇ ਜੌਹਰੀ ਦੀ ਲਾਸ਼ ਮਿਲੀ ਹੈ। ਉਸ ਦਾ ਕਤਲ ਹੋਣ ਦਾ ਸ਼ੱਕ ਹੈ। ਰਮਨਿਕਲਾਲ ਜੋਗੀਆ (74) ਕੁਝ ਦਿਨ ਪਹਿਲਾਂ ਲਾਪਤਾ ਹੋ ਗਿਆ ਸੀ। ਪੁਲਿਸ ਨੇ ਹੱਤਿਆ ਪੱਖੋਂ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜੋਗੀਆ ਜਦੋਂ ਕੰਮ ਤੋਂ ਘਰ ਪਰਤ ਰਿਹਾ ਸੀ ਤਾਂ ਉਸ ਨੂੰ ਨਕਾਬਪੋਸ਼ ਵਿਅਕਤੀਆਂ ਨੇ ਜਬਰੀ ਵਾਹਨ ’ਚ ਸੁੱਟ ਲਿਆ ਸੀ। ਉਸ ਦਾ ਲੀਸੈਸਟਰ ਦੀ ਬੇਲਗਰੇਵ ਰੋਡ ’ਤੇ ਜੌਹਰੀ ਦਾ ਵਾਮਾ ਨਾਮ ਤੋਂ ਸਟੋਰ ਹੈ।


ਸੀਸੀਟੀਵੀ ਫੁਟੇਜ ਜਾਰੀ ਕਰਦਿਆਂ ਈਸਟ ਮਿਡਲੈਂਡਜ਼ ਸਪੈਸ਼ਲ ਆਪਰੇਸ਼ਨ ਯੂਨਿਟ ਦੀ ਖ਼ੁਫੀਆ ਪੁਲਿਸ ਦੇ ਚੀਫ਼ ਇੰਸਪੈਕਟਰ ਡੇਵਿਡ ਸਵਿਫਟ ਰੋਲਿਨਸਨ ਨੇ ਕਿਹਾ ਕਿ ਜੋਗੀਆ ਨੂੰ ਘਰ ਪਹੁੰਚਣ ਤੋਂ ਪਹਿਲਾਂ ਹੀ ਕਾਰ ’ਚ ਕੁਝ ਲੋਕ ਲੈ ਗਏ ਸਨ। ਲੋਕਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਅਣਹੋਣੀ ਘਟਨਾ ਵਾਪਰਦਿਆਂ ਦੇਖੀ ਹੋਵੇ ਤਾਂ ਉਹ ਇਸ ਦੀ ਪੁਲਿਸ ਨੂੰ ਜਾਣਕਾਰੀ ਦੇਣ ਕਿਉਂਕਿ ਜਾਂਚ ’ਚ ਇਹ ਸਬੂਤ ਸਹਾਈ ਹੋ ਸਕਦੇ ਹਨ।

ਜੋਗੀਆ ਦੀ ਲਾਸ਼ ਲੀਸੈਸਟਰ ਦੇ ਸਟੌਟਨ ਇਲਾਕੇ ਦੀ ਗੋਲਬੀ ਲੇਨ ’ਚੋਂ ਮਿਲੀ। ਲਾਸ਼ ਦਾ ਪੋਸਟਮਾਰਟਮ ਹੋ ਗਿਆ ਹੈ। ਪੁਲਿਸ ਵੱਲੋਂ ਤਹਿਕੀਕਾਤ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਮੁਤਾਬਕ ਉਸ ਨੂੰ ਜਬਰੀ ਵਾਹਨ ਅੰਦਰ ਸੁੱਟਿਆ ਗਿਆ। ਮੰਨਿਆ ਜਾ ਰਿਹਾ ਹੈ ਕਿ ਦੁਕਾਨ ’ਤੇ ਵਾਪਰੀ ਕਿਸੇ ਘਟਨਾ ਮਗਰੋਂ ਹੀ ਉਸ ਦੀ ਹੱਤਿਆ ਹੋਈ ਹੈ।