ਕ੍ਰੈਡਿਟ ਕਾਰਡ ਵਰਤਣ ਵਾਲੇ ਹੋ ਜਾਣ ਖ਼ਬਰਦਾਰ !
ਏਬੀਪੀ ਸਾਂਝਾ | 19 Aug 2018 01:43 PM (IST)
ਚੰਡੀਗੜ੍ਹ: ਤੇਜ਼ੀ ਨਾਲ ਭੁਗਤਾਨ ਕਰਨ ਲਈ ਕ੍ਰੈਡਿਟ ਕਾਰਡ ਗਾਹਕਾਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ। ਇਸ ਜ਼ਰੀਏ ਬਹੁਤ ਸਾਰੀਆਂ ਸੁਵਿਧਾਵਾਂ ਤੇ ਆਫਰ ਮੁਹੱਈਆ ਕਰਾਏ ਜਾਂਦੇ ਹਨ। ਇਸ ਦੇ ਨਾਲ ਹੀ ਕੈਸ਼ਬੈਕ ਤੇ ਰਿਵਾਰਡ ਪੁਆਇੰਟ ਵੀ ਚੰਗਾ ਕਦਮ ਹੈ ਪਰ ਇਸ ਦਾ ਗਲਤ ਇਸਤੇਮਾਲ ਵੱਡੇ ਵਿੱਤੀ ਸੰਕਟ ਵਿੱਚ ਪਾ ਸਕਦਾ ਹੈ। ਹੇਠਾਂ ਦਿੱਤੇ ਟਿਪਸ ਨਾਲ ਕ੍ਰੈਡਿਟ ਕਾਰਡ ਨੂੰ ਬਿਹਤਰ ਤਰੀਕੇ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਕ੍ਰੈਡਿਟ ਕਾਰਡ ਕਈ ਤਰ੍ਹਾਂ ਦੇ ਹੁੰਦੇ ਹਨ। ਹਰ ਕ੍ਰੈਡਿਟ ਕਾਰਡ ਦੇ ਵੱਖ-ਵੱਖ ਫਾਇਦੇ ਤੇ ਰਿਵਾਰਡ ਮਿਲਦੇ ਹਨ। ਇਸ ਲਈ ਸਭ ਤੋਂ ਪਹਿਲਾਂ ਆਪਣੇ ਖਰਚਿਆਂ ਦਾ ਹਿਸਾਬ ਲਾਓ ਤੇ ਉਸ ਤੋਂ ਬਾਅਦ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਕ੍ਰੈਡਿਟ ਕਾਰਡ ਲਓ। ਜੇ ਤੁਸੀਂ ਜ਼ਿਆਦਾਤਰ ਯਾਤਰਾ ਕਰਦੇ ਹੋ ਤਾਂ ਟ੍ਰੈਵਲਿੰਗ ’ਤੇ ਆਫਰ ਦੇਣ ਵਾਲੇ ਕ੍ਰੈਡਿਟ ਕਾਰਡ ਲਓ। ਕ੍ਰੈਡਿਟ ਕਾਰਡ ਬਿਨਾ ਤਤਕਾਲ ਭੁਗਤਾਨ ਦੇ ਖਰੀਦਾਰੀ ਦੀ ਸੁਵਿਧਾ ਦਿੰਦੇ ਹਨ ਪਰ ਅਜਿਹੇ ਵਿੱਚ ਗਾਹਕ ਆਪਣੇ ਬਜਟ ਦੇ ਬਾਹਰ ਵੀ ਜਾ ਸਕਦਾ ਹੈ। ਇਸ ਨਾਲ ਉਸ ਨੂੰ ਅਦਾਇਗੀ ਕਰਨ ਲਈ ਕਾਫੀ ਮੁਸ਼ਕਲ ਆਉਂਦੀ ਹੈ। ਜੇ ਗਾਹਕ ਇੱਕ ਵਾਰ ’ਚ ਬਿੱਲ ਭਰ ਦੇਵੇ ਤਾਂ ਕ੍ਰੈਡਿਟ ਕਾਰਡ ਵਿਆਜ ਨਹੀਂ ਲੈਂਦੇ ਪਰ ਜੇ ਤੁਸੀਂ ਨਿਊਨਤਮ ਰਕਮ ਦੇ ਕੇ ਬਕਾਇਆ ਪੈਸਾ ਅਗਲੀ ਵਾਰ ਦੇਣ ਬਾਰੇ ਸੋਚ ਰਹੇ ਹੋ ਤਾਂ ਇਹ ਤੁਹਾਡੇ ਲਈ ਗਲਤ ਫੈਸਲਾ ਹੋਏਗਾ, ਕਿਉਂਕਿ ਕ੍ਰੈਡਿਟ ਕਾਰਡ ਇਸ ’ਤੇ ਭਾਰੀ ਵਿਆਜ ਲਾਉਂਦਾ ਹੈ। ਕੁਝ ਬੈਂਕ ਤਾਂ ਭੁਗਤਾਨ ਲਈ ਈਸੀਐਸ ਸਵੀਕਾਰ ਨਾ ਕੀਤੇ ਜਾਣ ’ਤੇ ਵਾਧੂ ਚਾਰਜ ਲਾਉਂਦੇ ਹਨ। ਜੇ ਗਾਹਕ ਨਿਯਮਿਤ ਤੌਰ ’ਤੇ ਆਪਣੇ ਕ੍ਰੈਡਿਟ ਦਾ 40 ਫੀਸਦੀ ਇਸਤੇਮਾਲ ਕਰ ਰਹੇ ਹਨ ਤਾਂ ਕ੍ਰੈਡਿਟ ਬਿਊਰੋ ਇਸ ’ਤੇ ਨਜ਼ਰ ਰੱਖਦਾ ਹੈ ਤੇ ਮੰਨਦਾ ਹੈ ਕਿ ਤੁਹਾਨੂੰ ਓਨੇ ਵਾਧੂ ਪੈਸਿਆਂ ਦੀ ਜ਼ਰੂਰਤ ਹੈ। ਇਸ ਭਵਿੱਖ ਵਿੱਚ ਤੁਹਾਡੇ ਕ੍ਰੈਡਿਟ ਦੀ ਲਿਮਟ ਵੀ ਘੱਟ ਹੋ ਸਕਦੀ ਹੈ। ਕ੍ਰੈਡਿਟ ਰਿਪੋਰਟ ਵਿੱਚ ਕ੍ਰੈਡਿਟ ਬਿਊਰੋ ਵੱਲੋਂ ਕਿਸੇ ਵੀ ਕਾਰਨ ਨਾਲ ਗਲਤ ਜਾਣਕਾਰੀ ਦਿੱਤੀ ਗਈ ਹੋ ਸਕਦੀ ਹੈ। ਜੇ ਗਾਹਕ ਆਪਣੀ ਕ੍ਰੈਡਿਟ ਰਿਪੋਰਟ ਲਗਾਤਾਰ ਚੈੱਕ ਕਰਦਾ ਰਹਿੰਦਾ ਹੈ ਤਾਂ ਅਜਿਹੀਆਂ ਗਲਤੀਆਂ ਤੋਂ ਬਚਿਆ ਜਾ ਸਕਦਾ ਹੈ। 2 ਜਾਂ 3 ਕ੍ਰੈਡਿਟ ਕਾਰਡ ਰੱਖਣਾ ਨਾ ਕੇਵਲ ਖਰਚੇ ਨੂੰ ਬੜਾਵਾ ਦਿੰਦਾ ਹੈ ਬਲਕਿ ਇਸ ਦੇ ਚੋਰੀ ਹੋਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ। 3 ਤੋਂ ਵੱਧ ਕ੍ਰੈਡਿਟ ਕਾਰਡ ਹੋਣਾ ਤੁਹਾਡੀ ਲਿਮਟ ਘਟਾ ਸਕਦਾ ਹੈ। ਕਈ ਬੈਂਕ ਕ੍ਰੈਡਿਟ ਕਾਰਡ ਤੋਂ ਖਰੀਦਾਰੀ ਕਰਨ ’ਤੇ ਕੈਸ਼ ਬੈਕ ਤੇ ਰਿਵਾਰਡ ਪੁਆਇੰਟ ਆਫਰ ਕਰਦੇ ਹਨ ਜਿਸ ਨਾਲ ਕ੍ਰੈਡਿਟ ਕਾਰਡ ਦੁਆਰਾ ਬਚਤ ਕੀਤੀ ਜਾ ਸਕਦੀ ਹੈ। ਜੇ ਤੁਸੀਂ ਜ਼ਿਆਦਾਤਰ ਕ੍ਰੈਡਿਟ ਕਾਰਡ ਨਾਲ ਭੁਗਤਾਨ ਕਰਦੇ ਹੋ ਤਾਂ ਕੈਸ਼ ਬੈਕ ਦੇ ਨਾਲ-ਨਾਲ ਰਿਵਾਰਡ ਪੁਆਇੰਟ ਵੀ ਮਿਲਦੇ ਹਨ। ਇਨ੍ਹਾਂ ਰਹਿੰਦੇ ਸਮੇਂ ਅੰਦਰ ਵਰਤ ਲਓ। ਅਕਸਰ ਵਿਦੇਸ਼ ਜਾਣ ਵਾਲਿਆਂ ਨੂੰ ਘੱਟ ਵਿਆਜ ਦਰ ਵਾਲੇ ਕ੍ਰੈਡਿਟ ਕਾਰਡ ਵਰਤਣੇ ਚਾਹੀਦੇ ਹਨ। ਕੋਸ਼ਿਸ਼ ਕਰੋ ਕਿ ਟਰੈਵਲ ’ਤੇ ਆਫਰ ਦੇਣ ਵਾਲਾ ਕ੍ਰੈਡਿਟ ਕਾਰਡ ਹੀ ਰੱਖੋ ਜਾਂ ਫਿਰ ਅਜਿਹਾ ਕ੍ਰੈਡਿਟ ਕਾਰਡ, ਜਿਸ ਨਾਲ ਲੈਣ-ਦੇਣ ਦੀ ਪ੍ਰਕਿਰਿਆ ’ਤੇ ਵਿਆਜ ਨਾ ਲੱਗਦਾ ਹੋਏ। ਕ੍ਰੈਡਿਟ ਕਾਰਡ ਨਾਲ ਧੋਖਾਧੜੀ ਦੇ ਮਾਮਲੇ ਸਾਹਮਣੇ ਆਉਣ ਬਾਅਦ ਮੈਟਲ ਚਿੱਪ ਵਾਲੇ ਕ੍ਰੈਡਿਟ ਕਾਰਡ ਜਾਂ ਪਿਨ ਨਾਲ ਆਪਰੇਟ ਹੋਣ ਵਾਲੇ ਕ੍ਰੈਡਿਟ ਕਾਰਡ ਮੁਹੱਈਆ ਹੋ ਗਏ ਹਨ। ਇਨ੍ਹਾਂ ਕਾਰਡਾਂ ਦੀ ਹੀ ਵਰਤੋਂ ਕਰੋ। ਇਹ ਜ਼ਿਆਦਾ ਸੁਰੱਖਿਅਤ ਹੁੰਦੇ ਹਨ।