ਨਵੀਂ ਦਿੱਲੀ: ਆਰਥਿਕ ਮੰਦਹਾਲੀ ਦੇ ਦੌਰ 'ਚ ਵਾਇਦਾ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ 'ਚ ਭਾਰੀ ਉਛਾਲ ਆਇਆ ਹੈ। ਐਮਸੀਐਕਸ (ਸੂਚਕ ਅੰਕ) 'ਤੇ ਸੋਨੇ ਦਾ ਜੂਨ ਵਾਇਦਾ 46,785 ਰੁਪਏ 'ਤੇ ਪਹੁੰਚ ਗਿਆ ਸੀ। ਸੋਨੇ ਦਾ ਭਾਅ ਕਰੀਬ ਇਕ ਫੀਸਦ ਦੀ ਤੇਜ਼ੀ ਨਾਲ ਵੱਧ ਰਿਹਾ ਹੈ।

ਸੋਨੇ ਤੋਂ ਇਲਾਵਾ ਚਾਂਦੀ ਦੀਆਂ ਕੀਮਤਾਂ 'ਚ ਵੀ ਵਾਧਾ ਹੋਇਆ ਹੈ। ਕੱਲ੍ਹ ਦੁਪਹਿਰ ਚਾਂਦੀ ਦਾ ਮਈ ਵਾਇਦਾ 1.12 ਫੀਸਦ ਦੇ ਵਾਧੇ ਨਾਲ 43,807 ਰੁਪਏ ਪ੍ਰਤੀ 10 ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਸੀ। ਉੱਥੇ ਹੀ ਕੱਲ੍ਹ ਦੇ ਇੰਟ੍ਰਾਂਡੇਅ ਕਾਰੋਬਾਰ 'ਚ ਚਾਂਦੀ 44,584 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਸਿਖਰਲੇ ਪੱਧਰ 'ਤੇ ਪਹੁੰਚੀ ਸੀ। ਚਾਂਦੀ ਚ ਅੱਜ ਵੀ ਤੇਜ਼ੀ ਦਰਜ ਕੀਤੀ ਗਈ। 5 ਮਈ ਦਾ ਫਿਊਚਰ ਕਾਨਟ੍ਰੈਕਟ ਅੱਜ 0.73 ਫੀਸਦ ਦੀ ਬੜਤ ਨਾਲ 44,076 'ਤੇ ਕਾਰੋਬਾਰ ਕਰ ਰਿਹਾ ਸੀ।

ਕੌਮਾਂਤਰੀ ਬਜ਼ਾਰ 'ਚ ਸੋਨਾ 1727.59 ਡਾਲਰ ਪ੍ਰਤੀ ਔਂਸ ਤੇ ਕਾਰੋਬਾਰ ਕਰ ਰਿਹਾ ਸੀ ਤੇ ਇਸਨੇ ਹਾਲ ਹੀ 'ਚ 1750 ਡਾਲਰ ਦੇ ਸਿਖਰਲੇ ਪੱਧਰ ਨੂੰ ਛੂਹਿਆ ਸੀ ਜੋ ਨਵੰਬਰ 2012 ਤੋਂ ਬਾਅਦ ਇਸਦਾ ਸਭ ਤੋਂ ਸਿਖਰਲਾ ਪੱਧਰ ਹੈ। ਕੌਮਾਂਤਰੀ ਬਜ਼ਾਰ 'ਚ ਸੋਨੇ ਦਾ ਭਾਅ 7 ਸਾਲ ਦੇ ਉੱਚੇ ਪੱਧਰ 'ਤੇ ਜਾ ਪਹੁੰਚ ਗਿਆ ਹੈ। ਹਾਲਾਂਕਿ ਚਾਂਦੀ 'ਚ ਥੋੜ੍ਹੀ ਗਿਰਾਵਟ ਦੇਖੀ ਗਈ ਜੋ ਕਿ 15.64 ਡਾਲਰ ਪ੍ਰਤੀ ਔਂਸ ਤੇ ਕਾਰੋਬਾਰ ਕਰ ਰਹੀ ਸੀ। ਸੋਨੇ ਤੇ ਚਾਂਦੀ ਤੋਂ ਇਲਾਵਾ ਪਲੈਟੀਨਮ ਦੇ ਕਾਰੋਬਾਰ 'ਚ ਵੀ ਤੇਜ਼ੀ ਦੇਖੀ ਜਾ ਰਹੀ ਹੈ।