ਰਮਨਦੀਪ ਕੌਰ ਦੀ ਰਿਪੋਰਟ

ਚੰਡੀਗੜ੍ਹ: ਕੋਰੋਨਾ ਮਹਾਮਾਰੀ ਨੇ ਜਿੱਥੇ ਆਮ ਜਨ ਜੀਵਨ ਪ੍ਰਭਾਵਿਤ ਕੀਤਾ ਹੈ, ਉੱਥੇ ਹੀ ਕਿਸਾਨੀ ਲਈ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਕਣਕ ਦੀ ਫ਼ਸਲ ਪੱਕ ਕੇ ਤਿਆਰ ਖੜ੍ਹੀ ਹੈ ਤੇ ਅਜਿਹੇ 'ਚ ਮੰਡੀਕਰਨ ਵੱਡੀ ਸਮੱਸਿਆ ਬਣੀ ਹੋਈ ਹੈ।

ਬੁੱਧਵਾਰ ਪਹਿਲੇ ਦਿਨ ਕਣਕ ਦੀ ਖਰੀਦ ਸ਼ੁਰੂ ਹੋਣ ਮਗਰੋਂ ਜਿੱਥੇ ਕਿਸਾਨ ਖੱਜਲ-ਖੁਆਰ ਹੁੰਦੇ ਦਿਖਾਈ ਦਿੱਤੇ, ਉੱਥੇ ਹੀ ਆੜ੍ਹਤੀ ਵੀ ਪ੍ਰੇਸ਼ਾਨ ਨਜ਼ਰ ਆਏ। ਇਨ੍ਹਾਂ ਮੁਸ਼ਕਲਾਂ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਅਜਿਹੇ ਵਿੱਚ ਓਲਾ ਕੰਪਨੀ ਨਾਲ ਹੱਥ ਮਿਲਾਇਆ ਜੋ ਪੰਜਾਬ ਦੇ 17 ਲੱਖ ਕਿਸਾਨਾਂ ਨੂੰ ਆਨਲਾਈਨ ਮੈਨੇਜਮੈਂਟ ਰਾਹੀਂ ਈ-ਪਾਸ ਮੁਹੱਈਆ ਕਰਾਏਗੀ।

ਓਲਾ ਐਪ ਕਿਸਾਨਾਂ ਦੇ ਮੋਬਾਈਲ 'ਚ ਇੰਸਟਾਲ ਕੀਤੀ ਜਾਵੇਗੀ। ਇਹ ਐਪ ਇਸ ਤਰ੍ਹਾਂ ਕਿਸਾਨਾਂ ਲਈ ਸਹਾਈ ਹੋਵੇਗੀ:

'ਮੰਡੀ ਗੇਟ 'ਤੇ ਕਿੰਨੀ ਭੀੜ ਹੈ, ਇਸ ਬਾਰੇ ਕਿਸਾਨਾਂ ਨੂੰ ਜਾਣਕਾਰੀ ਮਿਲੇਗੀ। ਭੀੜ ਖ਼ਤਮ ਹੋਣ ਬਾਰੇ ਦੱਸਿਆ ਜਾਵੇਗਾ। ਐਪ ਜ਼ਰੀਏ ਸਰੀਰਕ ਦੂਰੀ ਬਣਾਈ ਰੱਖਣ ਲਈ ਜਾਰੀ ਕੀਤੀਆਂ ਗਾਇਡਲਾਇਨਜ਼ ਮੁਤਾਬਕ ਜਾਣਕਾਰੀ ਮਿਲਦੀ ਰਹੇਗੀ।'

ਇਹ ਯੂਨੀਕ ਸਿਸਟਮ ਮਾਰਕਿਟ ਕਮੇਟੀਆਂ ਦੇ ਸਕੱਤਰਾਂ ਨੂੰ ਕਿਸਾਨਾਂ ਲਈ ਹਰ ਸੈਂਟਰ ਤੇ ਪਾਸ ਮੁਹੱਈਆ ਕਰਾਏਗਾ। ਇਸ ਵਿੱਚ ਮੰਡੀ ਬੋਰਡ ਕੋਲ ਮੌਜੂਦ ਡਾਟਾ ਦੇ ਆਧਾਰ ਤੇ ਆਪਣੇ ਪਾਸ ਜਾਰੀ ਕਰਨ ਦੀ ਸੁਵਿਧਾ ਹੋਵੇਗੀ।

ਸਾਰੇ ਆੜ੍ਹਤੀਆਂ ਨੂੰ ਇੱਕ ਟਰਾਲੀ ਲਈ ਸਿਰਫ਼ ਇੱਕ ਪਾਸ ਜਾਰੀ ਕੀਤਾ ਜਾਵੇਗਾ। ਫ਼ਸਲ ਮੰਡੀ ਵਿੱਚ ਲਿਆਉਣ ਤੋਂ ਤਿੰਨ ਦਿਨ ਪਹਿਲਾਂ ਕਿਸਾਨਾਂ ਨੂੰ ਪਾਸ ਜਾਰੀ ਕੀਤਾ ਜਾਵੇਗਾ। ਆੜ੍ਹਤੀ ਆਪਣੇ ਨੂੰ ਇਹ ਪਾਸ ਦੇਣਗੇ ਤੇ ਕਣਕ ਮੰਡੀ ਵਿੱਚ ਲਿਆਉਣ ਲਈ ਇੱਕ ਤਾਰੀਖ਼ ਤੈਅ ਕੀਤੀ ਜਾਵੇਗੀ। ਕਿਸਾਨਾਂ ਨੂੰ ਮੋਬਾਈਲ ਜ਼ਰੀਏ ਪਾਸ ਦਾ ਨੰਬਰ ਮਿਲੇਗਾ ਜਿਸ ਨੂੰ ਉਹ ਐਪ ਨਾਲ ਡਾਊਨਲੋਡ ਕਰਨਗੇ।

ਐਡੀਸ਼ਨਲ ਚੀਫ਼ ਸੈਕਟਰੀ ਡਿਵੈਲਪਮੈਂਟ ਵਿਸ਼ਵਜੀਤ ਖੰਨਾ ਮੁਤਾਬਕ ਇਸ ਸਿਸਟਮ ਤੋਂ ਇਲਾਵਾ ਇੱਕ ਹੋਰ ਮੋਬਾਈਲ ਐਪਲੀਕੇਸ਼ਨ ਐਮ-ਪਾਸ ਵੀ ਡਿਵੈਲਪ ਕੀਤਾ ਗਿਆ ਹੈ। ਹਰ ਆੜ੍ਹਤੀ ਨੂੰ ਪਾਸ ਜਾਰੀ ਕਰਦੇ ਸਮੇਂ ਯੂਨੀਕੋਡ ਐਸਐਮਐਸ ਭੇਜਿਆ ਜਾਵੇਗਾ।

ਆੜ੍ਹਤੀ ਇਸ ਸਿਸਟਮ ਜ਼ਰੀਏ ਟਰਾਲੀ ਡਰਾਇਵਰ ਨੂੰ ਪਾਸ ਜਾਰੀ ਕਰ ਸਕਦੇ ਹਨ। ਬੇਸ਼ੱਕ ਸਰਕਾਰ ਨੇ ਇਸ ਡਿਜੀਟਲ ਸਕੀਮ ਨਾਲ ਆਪਣਾ ਪੱਲਾ ਝਾੜ ਲਿਆ ਹੈ, ਪਰ ਆਮ ਕਿਸਾਨਾਂ ਲਈ ਇਹ ਸਕੀਮ ਵਰਦਾਨ ਸਾਬਤ ਹੋਵੇਗੀ ਜਾਂ ਸਰਾਪ? ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।