ਕੋਝੀਕੋਡ: ਕੇਰਲ ਵਿੱਚ ਨਿਪਾਹ ਵਾਇਰਸ ਨੇ ਇੱਕ ਹੋਰ ਵਿਅਕਤੀ ਦੀ ਜਾਨ ਲੈ ਲਈ ਹੈ। ਹੁਣ ਤਕ ਕੁੱਲ 13 ਜਣਿਆਂ ਦੀ ਮੌਤ ਇਸ ਖ਼ਤਰਨਾਕ ਵਾਇਰਸ ਨਾਲ ਹੋਈ ਹੈ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਜ਼ਿਲ੍ਹੇ ਦੇ ਪਲਾਝੀ ਵਿੱਚ ਰਹਿਣ ਵਾਲੇ 26 ਸਾਲਾ ਅਬਿਨ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਵਿੱਚ ਹਾਰ ਮਿਲੀ। ਇਸ ਤੋਂ ਪਹਿਲਾਂ ਕਲਿਆਣੀ ਨਾਂ ਦੀ ਇੱਕ ਔਰਤ ਦੀ ਐਤਵਾਰ ਨੂੰ ਸਰਕਾਰੀ ਮੈਡੀਕਲ ਕਾਲਜ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ। ਪੇਰਾਂਬਰਾ ਦੇ ਪਿੰਡ ਵਿੱਚ 16 ਵਿਅਕਤੀਆਂ ਨੂੰ ਨਿਪਾਹ ਵਾਇਰਸ ਦੀ ਲਪੇਟ ਵਿੱਚ ਪਾਇਆ ਗਿਆ ਹੈ।

 

ਪ੍ਰਸ਼ਾਸਨ ਦੀ ਮੁੱਠੀ ਵਿੱਚ ਜਾਨ

ਕੋਝੀਕੋਡ ਪ੍ਰਸ਼ਾਸਨ ਨੇ 31 ਮਈ ਤਕ ਸਾਰੀਆਂ ਜਨਤਕ ਸਭਾਵਾਂ ਤੋਂ ਲੈ ਕੇ ਬੱਚਿਆਂ ਨੂੰ ਟਿਊਸ਼ਨ ਦੇਣ ਤੋਂ ਵੀ ਰੋਕ ਦਿੱਤਾ ਹੈ। ਇਹ ਕਦਮ ਭੀੜ ਇਕੱਠੀ ਨਾ ਹੋਣ ਦੇਣ ਤੇ ਲੋਕਾਂ ਨੂੰ ਇੱਕ-ਦੂਜੇ ਦੇ ਸੰਪਰਕ ਵਿੱਚ ਆਉਣ ਤੋਂ ਰੋਕਣ ਲਈ ਚੁੱਕਿਆ ਗਿਆ ਹੈ। ਕਾਲੀਕਟ ਯੂਨੀਵਰਸਿਟੀ ਨੇ ਨਿਪਾਹ ਵਾਇਰਸ ਕਾਰਨ ਇਮਤਿਹਾਨ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ।

ਕਿਵੇਂ ਫੈਲਦਾ ਹੈ ਨਿਪਾਹ ਵਾਇਰਸ

ਸਿਹਤ ਵਿਭਾਗ ਮੁਤਾਬਕ ਪੁਣੇ ਵਿੱਚ ਕੀਤੇ ਗਏ ਪ੍ਰੀਖਣ ਵਿੱਚ ਕੁੱਲ 160 ਨਮੂਨੇ ਭੇਜੇ ਗਏ ਹਨ, ਇਨ੍ਹਾਂ ਵਿੱਚੋਂ 22 ਦੀ ਜਾਂਚ ਪੂਰੀ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ 14 ਨਮੂਨੇ ਵਾਇਰਸ ਦੀ ਲਪੇਟ ਵਿੱਚ ਪਾਏ ਗਏ ਹਨ। ਨਿਪਾਹ ਵਾਇਰਸ ਚਮਗਾਦੜਾਂ ਤੇ ਸੂਰਾਂ ਨਾਲ ਸਿੱਧਾ ਸੰਪਰਕ ਬਣਾਉਣ ਕਾਰਨ ਫੈਲਦਾ ਹੈ। ਇਹ ਵਾਇਰਸ ਜਿਸ ਇਨਸਾਨ ਨੂੰ ਆਪਣੀ ਲਪੇਟ ਵਿੱਚ ਲੈ ਲੈਂਦਾ ਹੈ ਤੇ ਅੱਗੇ ਹੋਰਾਂ ਵਿੱਚ ਵੀ ਫੈਲ ਸਕਦਾ ਹੈ।