ਨਵੀਂ ਦਿੱਲੀ: ਕਰਨਾਟਕ ਤੇ ਹਿਮਾਚਲ ਪ੍ਰਦੇਸ਼ ਵਰਗੇ ਸੂਬਿਆਂ ਵਿੱਚ ਨਿਪਾਹ ਵਾਇਰਸ ਦੇ ਫੈਲਣ ਦੇ ਡਰ ਕਰਕੇ ਕੇਂਦਰੀ ਸਿਹਤ ਮੰਤਰਾਲੇ ਨੇ ਆਮ ਲੋਕਾਂ ਤੇ ਡਾਕਟਰਾਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਪ੍ਰਭਾਵਿਤ ਤੇ ਨਾਜ਼ੁਕ ਇਲਾਕਿਆਂ ਵਿੱਚ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਲੋਕਾਂ ਨੂੰ ਨਿਪਾਹ ਵਾਇਰਸ ਨਾਲ ਫੈਲਣ ਵਾਲੀ ਬਿਮਾਰੀ ਤੇ ਇਸ ਦੇ ਲੱਛਣਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।


 

ਮੰਤਰਾਲੇ ਨੇ ਆਮ ਲੋਕਾਂ ਨੂੰ ਤਾੜੀ, ਜ਼ਮੀਨ ’ਚ ਪਏ ਟੁੱਕੇ ਹੋਏ ਫਲ਼ ਖਾਣ ਤੇ ਚਿਰਾਂ ਤੋਂ ਖਲੋਤੇ ਪਾਣੀ ਵਾਲੇ ਤਲਾਬਾਂ ਵਿੱਚ ਨਾ ਜਾਣ ਲਈ ਕਿਹਾ ਹੈ। ਲੋਕਾਂ ਨੂੰ ਸਿਰਫ਼ ਤਾਜ਼ੇ ਫਲ਼ ਖਾਣ ਦੀ ਸਲਾਹ ਦਿੱਤੀ ਗਈ ਹੈ।

ਇਸ ਵਿੱਚ ਕਿਹਾ ਗਿਆ ਹੈ ਕਿ ਇਸ ਬਿਮਾਰੀ ਨਾਲ ਮਰੇ ਲੋਕਾਂ ਦਾ ਸਸਕਾਰ ਸਰਕਾਰੀ ਸਲਾਹ ਮੁਤਾਬਕ ਹੀ ਕੀਤਾ ਜਾਵੇ। ਬਿਮਾਰੀ ਤੋਂ ਬਚਣ ਲਈ ਪਰਿਵਾਰਕ ਮੈਂਬਰਾਂ ਨੂੰ ਸਸਕਾਰ ਵੇਲੇ ਕੀਤੇ ਜਾਂਦੇ ਰੀਤੀ ਰਿਵਾਜ਼ਾਂ ਤੋਂ ਬਚਣਾ ਚਾਹੀਦਾ ਹੈ।

ਜਾਣਕਾਰੀ ਦਿੱਤੀ ਗਈ ਹੈ ਕਿ ਚਮਗਿੱਦੜ, ਸੂਰ, ਕੁੱਤੇ ਤੇ ਘੋੜੇ ਵਰਗੇ ਜਾਨਵਰਾਂ ਤੋਂ ਫੈਲਣ ਵਾਲਾ ਨਿਪਾਹ ਵਾਇਰਸ ਜਾਨਵਰਾਂ ਤੋਂ ਮਨੁੱਖਾਂ ਵਿੱਚ ਵੀ ਫੈਲ ਸਕਦਾ ਹੈ ਤੇ ਇਸ ਨਾਲ ਗੰਭੀਰ ਬਿਮਾਰੀ ਲੱਗ ਸਕਦੀ ਹੈ।