ਚੰਡੀਗੜ੍ਹ: ਕੋਰੋਨਾਵਾਇਰਸ ਦੇ ਵਿਗੜਦੇ ਹਾਲਾਤਾਂ ਵਿਚਾਲੇ ਪੰਜਾਬ ਸਰਕਾਰ ਨੇ ਹੜਤਾਲ ਤੇ ਬੈਠੇ ਨੈਸ਼ਨਲ ਹੈਲਥ ਮਿਸ਼ਨ ਦੇ 1400 ਕੱਚੇ ਕਰਮਚਾਰੀਆਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ।ਪਿੱਛਲੇ ਇੱਕ ਹਫ਼ਤੇ ਤੋਂ 3000 ਦੇ ਕਰੀਬ ਕੱਚੇ ਹੈਲਥ ਵਰਕਰ ਰੈਗੂਲਰ ਹੋਣ ਲਈ ਹੜਤਾਲ ਕਰ ਰਹੇ ਸੀ।ਸਰਕਾਰ ਨੇ ਇਨ੍ਹਾਂ ਹੜਤਾਲ ਕਰ ਰਹੇ ਕਰਮਚਾਰੀਆਂ ਨੂੰ ਅਲਟੀਮੇਟਮ ਦਿੱਤਾ ਸੀ ਕਿ ਉਹ ਅੱਜ ਸਵੇਰੇ 10 ਵਜੇ ਆਪਣੀ ਡਿਊਟੀ ਤੇ ਵਾਪਸ ਮੁੜ ਜਾਣ ਨਹੀਂ ਤਾਂ ਉਹਨਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਏਗਾ।


ਸਰਕਾਰ ਦੇ ਇਸ ਅਲਟੀਮੇਟਮ ਮਗਰੋਂ 1600 ਦੇ ਕਰੀਬ ਵਰਕਰਾਂ ਨੇ ਨੌਕਰੀ ਤੇ ਵਾਪਿਸ ਜਾਣ ਦਾ ਫੈਸਲਾ ਕਰ ਲਿਆ।ਜਦਕਿ 1400 ਦੇ ਕਰੀਬ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਅੜ ਗਏ।ਉਨ੍ਹਾਂ ਕਿਹਾ ਕਿ ਉਹ ਆਪਣੀਆਂ ਮੰਗਾਂ ਮੰਨਵਾ ਕਿ ਹੀ ਆਪਣੀ ਨੌਕਰੀ ਤੇ ਵਾਪਿਸ ਪਰਤਣਗੇ।ਇਸ ਮਗਰੋਂ ਨੈਸ਼ਨਲ ਹੈਲਥ ਮਿਸ਼ਨ ਦੇ ਡਾਇਰੈਕਟਰ ਨੇ ਕਿਹਾ ਕਿ ਇਸ ਹੜਤਾਲ ਕਾਰਨ ਲੋਕਾਂ ਦੀਆਂ ਜਿੰਦਗੀਆਂ ਜੋਖਮ ਵਿੱਚ ਪਾ ਰਹੀਆਂ ਹਨ।ਉਨ੍ਹਾਂ ਆਪਦਾ ਪ੍ਰਬੰਧਨ ਐਕਟ ਦੇ ਤਹਿਤ ਕਾਰਵਾਈ ਕਰਦੇ ਹੋਏ ਇਨ੍ਹਾਂ ਹੜਤਾਲੀ ਕਰਮਚਾਰੀਆਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ।


ਪੰਜਾਬ ਸਰਕਾਰ ਨੇ ਇਸ ਫੈਸਲੇ ਮਗਰੋਂ ਜ਼ਿਲਿਆਂ ਦੇ ਸਿਵਲ ਸਰਜਨਾਂ ਨੂੰ ਆਦੇਸ਼ ਦਿੱਤੇ ਹਨ ਕਿ ਉਹ ਬਰਖਾਸਤ ਕੀਤੇ ਗਏ ਮੁਲਾਜ਼ਮਾਂ ਦੀ ਥਾਂ ਨਵਾਂ ਸਟਾਫ ਭਰਤੀ ਕਰ ਲੈਣ।ਬਰਖਾਸਤ ਕੀਤੇ ਜਾਣ ਵਾਲਿਆਂ ਵਿੱਚ ਸਹਾਇਕ ਨਰਸ ਦਾਈਆਂ (ਏ.ਐੱਨ.ਐੱਮ.), ਨਰਸਾਂ, ਡੇਟਾ ਐਂਟਰੀ ਆਪਰੇਟਰ, ਆਯੁਰਵੈਦਿਕ ਮੈਡੀਕਲ ਅਧਿਕਾਰੀ, ਕਮਿਊਨਿਟੀ ਹੈਲਥ ਅਫਸਰ (ਸੀਐਚਓ), ਮਲਟੀਪਰਪਜ਼ ਹੈਲਥ ਵਰਕਰ, ਆਦਿ ਸ਼ਾਮਲ ਹਨ।


ਨੌਕਰੀ ਤੋਂ ਬਰਖਾਸਤ ਕੀਤੇ ਗਏ ਮੁਲਾਜ਼ਮਾਂ ਵਿਚੋਂ ਬਹੁਤੇ ਜਲੰਧਰ ਜ਼ਿਲ੍ਹਾ ਦੇ ਹਨ (318), ਉਸ ਤੋਂ ਬਾਅਦ ਤਰਨ ਤਾਰਨ (182), ਗੁਰਦਾਸਪੁਰ (177), ਫਾਜ਼ਿਲਕਾ (113), ਫਿਰੋਜ਼ਪੁਰ (108), ਹੁਸ਼ਿਆਰਪੁਰ (99) ਅਤੇ ਪਠਾਨਕੋਟ (89) ਸ਼ਾਮਲ ਹਨ। ਬਰਨਾਲਾ, ਬਠਿੰਡਾ, ਲੁਧਿਆਣਾ, ਮਾਨਸਾ, ਮੋਗਾ, ਮੁਹਾਲੀ ਮੁਕਤਸਰ, ਐਸਬੀਐਸ ਨਗਰ, ਰੋਪੜ ਅਤੇ ਸੰਗਰੂਰ ਸਮੇਤ 10 ਜ਼ਿਲ੍ਹਿਆਂ ਵਿੱਚ, ਸਾਰੇ ਕਰਮਚਾਰੀ ਡੈੱਡਲਾਈਨ ਤੋਂ ਪਹਿਲਾਂ ਕੰਮ ਤੇ ਵਾਪਸ ਮੁੜ ਗਏ ਸੀ।


ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੀ ਨੈਸ਼ਨਲ ਹੈਲਥ ਵਰਕਰਾਂ ਨੂੰ ਅਪੀਲ ਕੀਤੀ ਸੀ ਕਿ ਉਹ ਸੋਮਵਾਰ ਸੇਵਰ ਤੱਕ ਆਪਣੀ ਡਿਊਟੀਆਂ ਤੇ ਮੁੜ ਜਾਣ।