ਲਖਨਊ: ਵੱਡੇ-ਵੱਡੇ ਸੁਫਨੇ ਲੈ ਕੇ ਜ਼ਿੰਦਗੀ ਦੀ ਸ਼ੁਰੂਆਤ ਕਰਨ ਵਾਲੇ ਨੌਜਵਾਨ ਜਦੋਂ ਹਕੀਕਤ ਦੀ ਸਖਤ ਜ਼ਮੀਨ 'ਤੇ ਖੁਦ ਨੂੰ ਇਕੱਲਾ ਮਹਿਸੂਸ ਕਰਦੇ ਹਨ ਤਾਂ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਇਹ ਡਿਪ੍ਰੈਸ਼ਨ ਹੀ ਉਨ੍ਹਾਂ ਨੂੰ ਨਸ਼ੇ ਵੱਲ ਲੈ ਕੇ ਜਾਂਦਾ ਹੈ। ਯੂਪੀ ਦੀ ਸਟੇਟ ਮੈਂਟਲ ਹੈਲਥ ਸਰਵੇ ਦੀ ਰਿਪੋਰਟ 'ਚ ਵੱਡਾ ਖੁਲਾਸਾ ਹੋਇਆ ਹੈ। ਸੈਂਪਲ ਸਰਵੇ ਦੇ ਆਧਾਰ 'ਤੇ ਤਿਆਰ ਰਿਪੋਰਟ 'ਚ ਪਤਾ ਲੱਗਿਆ ਹੈ ਕਿ 20 ਲੱਖ ਤੋਂ ਜ਼ਿਆਦਾ ਨੌਜਵਾਨ ਡਿਪ੍ਰੈਸ਼ਨ ਦਾ ਸ਼ਿਕਾਰ ਹਨ। ਇਹ ਗਿਣਤੀ ਵਧਦੀ ਹੀ ਜਾ ਰਹੀ ਹੈ।

ਜੀਐਸਵੀਐਮ ਮੈਡੀਕਲ ਕਾਲਜ 'ਚ ਇਸ ਰਿਪੋਰਟ 'ਤੇ ਚਰਚਾ ਸ਼ੁਰੂ ਹੋਈ ਤਾਂ ਇਹ ਖੁਲਾਸਾ ਵੀ ਹੋਇਆ ਕਿ ਸੂਬੇ ਦੇ 1.95 ਕਰੋੜ ਲੋਕ ਕਿਸੇ ਨਾ ਕਿਸੇ ਮਾਨਸਿਕ ਬਿਮਾਰੀ ਦੇ ਸ਼ਿਕਾਰ ਹਨ। ਅਜਿਹੇ ਲੋਕਾਂ ਦੀ ਗਿਣਤੀ ਵੀ ਲਗਾਤਾਰ ਵਧਦੀ ਜਾ ਰਹੀ ਹੈ। ਇਹ ਸਰਵੇ ਰਿਪੋਰਟ ਉੱਤਰ ਪ੍ਰਦੇਸ਼ ਦੀ ਮੈਂਟਲ ਹੈਲਥ ਅਥਾਰਿਟੀ ਨੂੰ ਦੇ ਦਿੱਤੀ ਗਈ ਹੈ। ਇਹ ਰਿਪੋਰਟ ਸੂਬੇ ਦੇ ਕੁਝ ਜ਼ਿਲ੍ਹਿਆਂ ਦੇ ਸੈਂਪਲ ਦੇ ਆਧਾਰ 'ਤੇ ਤਿਆਰ ਕੀਤੀ ਗਈ ਸੀ।

ਰਿਪੋਰਟ ਮੁਤਾਬਕ ਓਪੀਡੀ 'ਚ ਆਉਣ ਵਾਲੇ ਮਰੀਜ਼ਾਂ 'ਚੋਂ 95 ਫੀਸਦੀ ਡਿਪ੍ਰੈਸ਼ਨ ਦੇ ਕਿਸੇ ਨਾ ਕਿਸੇ ਸਟੇਜ 'ਤੇ ਹਨ। ਇਹ ਪ੍ਰੇਸ਼ਾਨੀ ਸ਼ਹਿਰਾਂ ਤੇ ਪਿੰਡਾਂ 'ਚ ਰਹਿਣ ਵਾਲੇ ਨੌਜਵਾਨਾਂ ਕਰੀਬ-ਕਰੀਬ ਬਰਾਬਰ ਹੈ। ਯੂਥ 'ਚ ਬੇਰੁਜ਼ਗਾਰੀ ਵੀ ਡਿਪ੍ਰੈਸ਼ਨ ਦਾ ਵੱਡਾ ਕਾਰਨ ਬਣਦੀ ਜਾ ਰਹੀ ਹੈ।