ਮੁਕਤਸਰ: ਸਿਹਤ ਵਿਭਾਗ ਦੀ ਟੀਮ ਨੇ ਛਾਪੇਮਾਰੀ ਕਰਕੇ 250 ਲੀਟਰ ਗੈਰਮਿਆਰੀ ਘਿਉ ਬਰਾਮਦ ਕੀਤਾ ਹੈ। ਗੁਪਤ ਸੂਚਨਾ ਦੇ ਅਧਾਰ 'ਤੇ ਸਥਾਨਕ ਮੌੜ ਰੋਡ ਦੀ ਫ਼ਰਮ ਵਿੱਚੋਂ ਇਹ ਘਿਉ ਬਰਾਮਦ ਕੀਤਾ, ਜਿਸ ਨੂੰ ਘਟੀਆ ਮਿਆਰ ਦਾ ਦੱਸਿਆ ਜਾ ਰਿਹਾ ਹੈ। ਵਿਭਾਗ ਨੇ ਇਸ ਘਿਉ ਨੂੰ ਜ਼ਬਤ ਕਰਦੇ ਹੋਏ ਇਸ ਦੇ 5 ਸੈਂਪਲ ਲੈ ਕੇ ਜਾਂਚ ਦੇ ਲਈ ਭੇਜ ਦਿੱਤੇ ਗਏ ਹਨ। ਫਰਮ ਵੱਲੋਂ ਇਹ ਘਿਉ ਗੁਦਾਮ ਵਿੱਚ ਰੱਖਿਆ ਗਿਆ ਸੀ।

 

ਸਿਵਲ ਸਰਜਨ ਡਾ. ਸੁਖਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਅਧਾਰ 'ਤੇ ਉਨ੍ਹਾਂ ਨੇ ਮੋੜ ਰੋਡ 'ਤੇ ਮਦਾਨ ਕਾਲੋਨੀ ਵਿੱਚ ਸਥਿਤ ਮਨੋਜ ਇੰਟਰਪ੍ਰਾਈਜਜ਼ 'ਤੇ ਛਾਪੇਮਾਰੀ ਕੀਤੀ, ਜਿਸ ਦਾ ਮਾਲਕ ਮਨੀਸ਼ ਕੁਮਾਰ ਹੈ। ਉਨ੍ਹਾਂ ਵੱਲੋਂ ਫਰਮ ਦੇ ਦੱਸੇ ਗਏ ਵਿਸ਼ਾਲ ਕਾਟਨ ਦੇ ਗੋਦਾਮ ਵਿੱਚ ਵੀ ਜਾਂਚ ਕੀਤੀ ਗਈ। ਸਿਵਲ ਸਰਜਨ ਅਨੁਸਾਰ ਜਦੋਂ ਉਨ੍ਹਾਂ ਨੇ ਘਿਉ ਦੀ ਬਿਲਿੰਗ ਦੇਖੀ, ਤਾਂ ਉਸ 'ਤੇ ਸਿਰਫ਼ 230 ਰੁਪਏ ਤੋਂ ਲੈ ਕੇ 260 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਬਿੱਲ ਕੱਟੇ ਹੋਏ ਸਨ। ਉਨ੍ਹਾਂ ਨੂੰ ਸ਼ੱਕ ਹੋਇਆ ਕਿਉਂਕਿ ਦੇਸੀ ਘਿਉ ਤਾਂ ਚਾਰ ਸੌ ਰੁਪਏ ਤੋਂ ਜਿਆਦਾ ਮਹਿੰਗਾ ਹੈ।

ਮੌਕੇ ਤੋਂ 18 ਪੇਟੀਆਂ ਵਿੱਚ ਪੈਕ ਕੀਤਾ ਹੋਇਆ ਢਾਈ ਕੁਇੰਟਲ ਘਿਉ ਬਰਾਮਦ ਹੋਇਆ ਹੈ, ਜੋ ਓਸਮ ਤੇ ਆਸਥਾ ਦੇ ਲੇਬਲ ਵਿੱਚ ਪੈਕ ਸੀ, ਜਿਨ੍ਹਾਂ ਦੀ 200 ਮਿਲੀ ਲੀਟਰ, 500 ਮਿਲੀ ਲੀਟਰ ਤੇ ਇੱਕ ਲੀਟਰ ਦੀ ਪੈਕਿੰਗ ਕੀਤੀ ਗਈ ਸੀ। ਇਹ ਘਿਉ ਹਰਿਆਣਾ ਤੋਂ ਪੰਜਾਬ ਵਿਚ ਸਪਲਾਈ ਕੀਤਾ ਜਾਂਦਾ ਹੈ। ਇਹ ਕੁਰਕਸ਼ੇਤਰ ਤੋਂ ਮੰਗਵਾਇਆ ਜਾਂਦਾ ਹੈ। ਤਿਉਹਾਰਾਂ ਦੇ ਮੱਦੇਨਜ਼ਰ ਇਸ ਦੀ ਵਿਕਰੀ ਜ਼ਿਆਦਾ ਹੁੰਦੀ ਹੈ ਤੇ ਘਟੀਆ ਕੁਵਾਲਟੀ ਦੇ ਘਿਉ ਨੂੰ ਮਹਿੰਗੇ ਦਾਮ 'ਤੇ ਵੇਚ ਕੇ ਜਿੱਥੇ ਜ਼ਿਆਦਾ ਲਾਭ ਲਿਆ ਜਾਂਦਾ ਹੈ, ਉਥੇ ਹੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾਂਦਾ ਹੈ।