ਚੇਨਈ: ਜੇਕਰ ਤੁਹਾਨੂੰ ਕੋਈ ਪੁੱਛੇ ਕਿ ਤੁਹਾਡੇ ਮੂੰਹ ‘ਚ ਕਿੰਨੇ ਦੰਦ ਹਨ ਤਾਂ ਤੁਸੀਂ ਆਮ ਤੌਰ ‘ਤੇ ਜਵਾਬ ਦਿੰਦੇ ਹੋ ਬੱਤੀ ਪਰ ਜੇਕਰ ਅਸੀਂ ਕਹੀਏ ਕਿ ਕਿਸੇ ਦੇ ਮੂੰਹ ‘ਚ 32 ਤੋਂ ਜ਼ਿਆਦਾ ਕਰੀਬ 500 ਦੰਦ ਵੀ ਹੋ ਸਕਦੇ ਹਨ ਤਾਂ ਤੁਸੀਂ ਹੈਰਾਨ ਹੋ ਜਾਓਗੇ। ਹੋ ਸਕਦਾ ਹੈ ਕਿ ਤੁਸੀਂ ਯਕੀਨ ਵੀ ਨਾ ਕਰੋ ਪਰ ਅਜਿਹਾ ਹੋਇਆ ਹੈ।


ਜੀ ਹਾਂ, ਮਾਮਲਾ ਚੇਨਈ ਦਾ ਹੈ ਜਿੱਥੇ ਡਾਕਟਰਾਂ ਨੇ ਤਮਿਲਨਾਡੂ ਦੇ ਇੱਕ ਸੱਤ ਸਾਲਾ ਬੱਚੇ ਦੇ ਮੂੰਹ ਵਿੱਚੋਂ 526 ਦੰਦ ਕੱਢੇ ਹਨ। ਇਸ ਬਾਰੇ ਜਿਸ ਨੇ ਵੀ ਸੁਣਿਆ ਹੈਰਾਨ ਹੋ ਗਿਆ ਤੇ ਇਸ ‘ਤੇ ਯਕੀਨ ਕਰਨਾ ਉਨ੍ਹਾਂ ਨੂੰ ਕੁਝ ਮੁਸ਼ਕਲ ਹੋਇਆ। ਡਾਕਟਰਾਂ ਨੇ ਦੱਸਿਆ ਕਿ ਉਸ ਬੱਚੇ ਨੂੰ ‘ਕੰਪਾਉਂਡ ਕੰਪੋਜ਼ਿਟ ਓਨਡੋਂਟਓਮ’ ਨਾਂ ਦੀ ਬੀਮਾਰੀ ਹੈ। ਇਸ ਕਰਕੇ ਉਸ ਦੇ ਸੱਜੇ ਜਬਾੜੇ ‘ਚ ਸੋਜ ਆ ਗਈ। ਉਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਸੀ।


ਹਸਪਤਾਲ ‘ਚ ਓਰਲ ਤੇ ਮੈਕਸੀਲੋਫੇਸ਼ੀਅਲ ਸਰਜਰੀ ਵਿਭਾਗ ਨੇ ਬੁੱਧਵਾਰ ਨੂੰ ਕਿਹਾ, “ਬੱਚੇ ਦੇ ਮਾਤਾ-ਪਿਤਾ ਨੇ ਇਸ ਸੋਜ ਨੂੰ ਸਭ ਤੋਂ ਪਹਿਲਾਂ ਉਦੋਂ ਵੇਖਿਆ ਜਦੋਂ ਬੱਚਾ ਮਹਿਜ਼ ਤਿੰਨ ਸਾਲ ਦਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸੋਜ ਪਹਿਲਾਂ ਇੰਨੀ ਜ਼ਿਆਦਾ ਨਹੀਂ ਸੀ। ਇਸ ਲਈ ਇਸ ਵੱਲ ਇੰਨਾ ਧਿਆਨ ਨਹੀਂ ਦਿੱਤਾ ਗਿਆ ਪਰ ਬਾਅਦ ‘ਚ ਬੱਚੇ ਨੂੰ ਤਕਲੀਫ਼ ਜ਼ਿਆਦਾ ਹੋਣ ਕਰਕੇ ਉਸ ਨੂੰ ਹਸਪਤਾਲ ਲੈ ਜਾਂਦਾ ਗਿਆ।”

ਹਸਪਤਾਲ ‘ਚ ਐਕਸ-ਰੇਅ ਤੇ ਸਿਟੀ ਸਕੈਨ ਕੀਤਾ ਗਿਆ। ਇਸ ਤੋਂ ਬਾਅਦ ਪਤਾ ਲੱਗਿਆ ਕਿ ਬੱਚੇ ਦੇ ਮੂੰਹ ‘ਚ ਕਾਫੀ ਛੋਟੇ-ਛੋਟੇ ਦੰਦ ਹਨ। ਇਸ ਤੋਂ ਬਾਅਦ ਡਾਕਟਰਾਂ ਨੇ ਸਰਜਰੀ ਕਰ ਬੱਚੇ ਦੇ ਮੂੰਹ ਵਿੱਚੋਂ 526 ਦੰਦ ਕੱਢੇ।