ਇਸ ਤਰ੍ਹਾਂ ਕਰੋ ਮੋਟਾਪਾ ਘੱਟ...!
ਏਬੀਪੀ ਸਾਂਝਾ | 16 Dec 2017 07:15 PM (IST)
ਮੋਟਾਪਾ ਹਰ ਬਿਮਾਰੀ ਦਾ ਕਾਰਨ ਮੰਨਿਆ ਜਾਂਦਾ ਹੈ ਤੇ ਇਸ ਤੋਂ ਬਚਣ ਲਈ ਲੋਕ ਡਾਈਟਿੰਗ ਦਾ ਸਹਾਰਾ ਲੈਂਦੇ ਹਨ। ਕੁਝ ਲੋਕ ਡਾਈਟਿੰਗ ਦੇ ਨਾਂਅ ‘ਤੇ ਖਾਣਾ ਬਹੁਤ ਘੱਟ ਕਰ ਦਿੰਦੇ ਹਨ, ਜਿਸ ਨਾਲ ਭਾਰ ਘੱਟ ਹੋਣਾ ਤਾਂ ਦੂਰ ਸਰੀਰ ਵਿੱਚ ਕਮਜ਼ੋਰੀ ਜ਼ਿਆਦਾ ਆ ਜਾਂਦੀ ਹੈ। ਡਾਈਟਿੰਗ ਕਰਨਾ ਚਾਹੁੰਦੇ ਹੋ ਤਾਂ ਇੱਕਦਮ ਖਾਣਾ ਛੱਡਣ ਦੀ ਬਜਾਏ ਡਾਈਟ ਚਾਰਟ ਦਾ ਸਹਾਰਾ ਲਓ। ਹੋਲੀ-ਹੋਲੀ ਇਸ ਵਿੱਚ ਲੋਅ ਕੈਲੋਰੀਜ਼ ਫੂਡ ਸ਼ਾਮਲ ਕਰੋ। ਕਸਰਤ ਦੇ ਨਾਲ-ਨਾਲ ਚੰਗੀ ਡਾਈਟ ਦਾ ਹੋਮਾ ਵੀ ਬਹੁਤ ਜ਼ਰੂਰੀ ਹੈ। ਮੋਟਾਪਾ ਨਾ ਕੇਵਲ ਖ਼ੂਬਸੂਰਤੀ ਦਾ ਦੁਸ਼ਮਣ ਹੈ, ਸਗੋਂ ਇਹ ਅਨੇਕਾਂ ਰੋਗਾਂ ਨੂੰ ਸੱਦਾ ਵੀ ਦਿੰਦਾ ਹੈ। ਖਾਣ-ਪੀਣ ਅਤੇ ਰਹਿਣ-ਸਹਿਣ ਵਿੱਚ ਲਾਪ੍ਰਵਾਹੀ ਅਤੇ ਆਰਾਮ ਪਸੰਦ ਜ਼ਿੰਦਗੀ ਮੋਟਾਪੇ ਦਾ ਮੁੱਖ ਕਾਰਨ ਹੈ, ਜਿਸ ਨਾਲ ਸਰੀਰ ‘ਤੇ ਚਰਬੀ ਦੀ ਪਰਤ-ਦਰ-ਪਰਤ ਜਮ੍ਹਾਂ ਹੁੰਦੀ ਜਾਂਦੀ ਹੈ। ਸੁੰਦਰ ਅਤੇ ਸੋਹਣੀ ਕਾਇਆ ਅਤੇ ਸੁਡੌਲ ਕਮਰ ਭਲਾ ਕਿਸ ਨੂੰ ਚੰਗੀ ਨਹੀਂ ਲਗਦੀ? ਪਰ ਇਸ ਵਾਸਤੇ ਕੋਸ਼ਿਸ਼ ਕਰਨੀ ਵੀ ਜ਼ਰੂਰੀ ਹੈ। ਕਸਰਤ, ਸਰੀਰਕ ਮਿਹਨਤ ਅਤੇ ਜੀਭ ‘ਤੇ ਕਾਬੂ ਰੱਖ ਕੇ ਅਸੀਂ ਕਾਫੀ ਹੱਦ ਤੱਕ ਮੋਟਾਪੇ ਨੂੰ ਰੋਕ ਸਕਦੇ ਹਾਂ। ਮੋਟਾਪੇ ਦੇ ਸੰਦਰਭ ਵਿੱਚ ਕੁੱਝ ਧਿਆਨ ਦੇਣ ਯੋਗ ਗੱਲਾਂ ਹਨ। ਨਿਯਮਤ ਕਸਰਤ, ਖੇਡਣਾ-ਕੁੱਦਣਾ ਅਤੇ ਤੇਜ਼ ਚਾਲ ਨਾਲ ਚੱਲਣਾ ਸਰੀਰ ਨੂੰ ਸੰਤੁਲਤ ਰੱਖਦਾ ਹੈ। ਘਰੇਲੂ ਕੰਮਾਂ ਜਿਵੇਂ ਝਾੜੂ-ਪੋਚਾ ਲਗਾਉਣਾ, ਕੱਪੜੇ ਧੋਣਾ ਅਤੇ ਘਰ ਦੀ ਸਫਾਈ ਵਿਚ ਲੋੜੀਂਦੀ ਕਸਰਤ ਹੋ ਜਾਂਦੀ ਹੈ ਅਤੇ ਚਰਬੀ ਨਹੀਂ ਚੜ੍ਹਦੀ। ਕਈ ਲੋਕਾਂ ਨੂੰ ਦਿਨ ਭਰ ਕੁਝ ਨਾ ਕੁਝ ਖਾਣ ਦੀ ਆਦਤ ਹੁੰਦੀ ਹੈ। ਫੁਰਸਤ ਵਿੱਚ ਬੈਠੇ ਹੋਏ ਤਾਂ ਖਾਣਾ, ਟੀ. ਵੀ. ਦੇਖਦੇ-ਦੇਖਦੇ ਖਾਣਾ, ਕੁਝ ਲੋਕ ਆਪਣੇ ਆਪ ਨੂੰ ਰੁੱਝਿਆ ਰੱਖਣ ਲਈ ਵੀ ਕੁਝ ਨਾ ਕੁਝ ਖਾਂਦੇ ਰਹਿੰਦੇ ਹਨ, ਮੋਟਾਪਾ ਤਾਂ ਵਧੇਗਾ ਹੀ। ਸੋ ਇਸ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।