ਨਵੀ ਦਿੱਲੀ: ਸੜਕ ਹਾਦਸਿਆਂ ਵਿੱਚ ਜ਼ਖ਼ਮੀ ਲੋਕਾਂ ਨੂੰ ਦਿੱਲੀ ਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਤੋਂ ਬਾਅਦ ਹੁਣ ਦਿੱਲੀ ਦੀ ਕੇਜਰੀਵਾਲ ਸਰਕਾਰ ਲੋਕਾਂ ਲਈ ਨਵਾਂ ਤੋਹਫਾ ਲੈ ਕੇ ਆ ਰਹੀ ਹੈ। ਕੇਜਰੀਵਾਲ ਸਰਕਾਰ ਨੇ ਜੀ.ਬੀ. ਪੰਤ ਹਸਪਤਾਲ ਵਿੱਚ ਦਿੱਲੀ ਦੇ ਲੋਕਾਂ ਨੂੰ 50 ਫੀਸਦੀ ਰਿਜ਼ਰਵੇਸ਼ਨ ਦੇਣ ਦਾ ਫੈਸਲਾ ਕੀਤਾ ਹੈ। ਦੱਸਣਯੋਗ ਹੈ ਕਿ ਜੀਬੀ ਪੰਤ ਹਸਪਤਾਲ ਵਿੱਚ 714 ਬਿਸਤਰੇ ਹਨ। ਇਨ੍ਹਾਂ ਵਿੱਚੋਂ 50 ਪ੍ਰਤੀਸ਼ਤ ਭਾਵ 357 ਬਿਸਤਰੇ ਦਿੱਲੀ ਦੇ ਲੋਕਾਂ ਲਈ ਸੁਰੱਖਿਅਤ ਰਹਿਣਗੇ। ਜੀ.ਬੀ ਪੰਤ ਦਿੱਲੀ ਦੇ ਸਭ ਤੋਂ ਵਧੀਆ ਸਰਕਾਰੀ ਹਸਪਤਾਲਾਂ ਵਿੱਚੋਂ ਇਕ ਹੈ ਜਿਸ ਨੂੰ ਏਮਜ਼ ਤੇ ਰਾਮ ਮਨੋਹਰ ਲੋਹੀਆ ਹਸਪਤਾਲ ਤੋਂ ਬਾਅਦ ਗਿਣਿਆ ਜਾਂਦਾ ਹੈ। ਇਸ ਤੋਂ ਪਹਿਲਾਂ ਦਿੱਲੀ ਸਰਕਾਰ ਨੇ ਸੜਕ ਹਾਦਸੇ ਵਿੱਚ ਹੋਏ ਜ਼ਖਮੀ ਦੇ ਇਲਾਜ ਦਾ ਖਰਚਾ ਚੁੱਕਣ ਦਾ ਕਦਮ ਚੁੱਕਿਆ ਸੀ। ਸਰਕਾਰ ਨੇ ਇਹ ਇਸ ਲਈ ਕੀਤਾ ਸੀ ਕਿਉਂਕਿ ਇਸ ਤੋਂ ਪਹਿਲਾਂ ਪੁਲਿਸ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਲੈ ਕੇ ਜਾਂਦੀ ਸੀ ਪਰ ਹੁਣ ਪੁਲਿਸ ਬਿਨਾਂ ਕਿਸੇ ਦੇਰੀ ਦੇ ਨੇੜੇ ਪ੍ਰਾਈਵੇਟ ਹਸਪਤਾਲ ਵਿੱਚ ਜ਼ਖ਼ਮੀ ਵਿਅਕਤੀਆਂ ਦੀ ਦਾਖਲ ਕਰਾ ਸਕੇਗੀ। ਇਸ ਨਾਲ ਜ਼ਖ਼ਮੀਆਂ ਦੇ ਇਲਾਜ ਵਿੱਚ ਦੇਰੀ ਨਹੀਂ ਹੋਵੇਗੀ। ਸਿਹਤ ਮੰਤਰੀ ਨੇ ਸਤਿੰਦਰ ਜੈਨ ਨੇ ਦਿੱਲੀ ਦੇ ਫੈਸਲੇ ਦਾ ਐਲਾਨ ਕਰਦੇ ਹੋਏ ਕਿਹਾ ਕਿ ਦਿੱਲੀ ਵਿੱਚ ਸੜਕ' ਹਾਦਸੇ, ਅੱਗ ਦੇ ਹਾਦਸੇ ਜਾਂ ਕਿਸੇ 'ਤੇ ਤੇਜ਼ਾਬ ਨਾਲ ਹਮਲਾ ਹੁੰਦਾ ਹੈ ਤਾਂ ਸਰਕਾਰ ਉਸ ਦਾ ਇਲਾਜ ਕਰਾਏਗੀ।