ਨਵੀਂ ਦਿੱਲੀ: ਦਿਨੋ-ਦਿਨ ਵਧ ਰਹੇ ਹਵਾ ਪ੍ਰਦੂਸ਼ਣ ਨੇ 660 ਮਿਲੀਅਨ ਭਾਰਤੀ ਲੋਕਾਂ ਨੂੰ ਮਰੀਜ਼ ਬਣਾ ਦਿੱਤਾ ਹੈ। ਸੋਮਵਾਰ ਨੂੰ ਜਾਰੀ ਕੀਤੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਇਹ 66 ਕਰੋੜ ਭਾਰਤੀ ਉਸ ਹਵਾ ਵਿੱਚ ਸਾਹ ਲੈ ਰਹੇ ਹਨ ਜਿਸ ਵਿੱਚ ਪ੍ਰਦੂਸ਼ਕਾਂ (PM2.5) ਦੀ ਗਿਣਤੀ ਮਨੁੱਖੀ ਸਿਹਤ ਨੂੰ ਨੁਕਸਾਨ ਪਹੁੰਚਾਉਣ ਲਈ ਕਾਫੀ ਹੈ।


ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੇਕਰ ਦੇਸ਼ ਦੀ ਰਾਜਧਾਨੀ ਦੀ ਆਬੋ-ਹਵਾ ਦੀ ਗੁਣਵੱਤਾ ਤੈਅ ਮਾਪਦੰਡਾਂ ਮੁਤਾਬਕ ਹੋ ਜਾਵੇ ਤਾਂ ਉੱਥੋਂ ਦੇ ਲੋਕ ਛੇ ਸਾਲ ਤੋਂ ਵੱਧ ਜਿਉਂ ਸਕਦੇ ਹਨ। ਭਾਰਤ ਦੀ ਹਵਾ ਦੀ ਗੁਣਵੱਤਾ ਸੁਧਾਰਨ ਲਈ ਸ਼ਿਕਾਗੋ ਯੂਨੀਵਰਸਿਟੀ ਤੇ ਹਾਰਵਰਡ ਕੈਨੇਡੀ ਸਕੂਲ ਨੇ ਪੰਜ ਮੁੱਖ ਸੁਝਾਵਾਂ ਨੂੰ ਰਿਪੋਰਟ ਦੇ ਰੂਪ ਵਿੱਚ ਪੇਸ਼ ਕੀਤਾ ਹੈ।



ਭਾਰਤ ਵਿੱਚ ਖੋਜ ਕਰਨ ਆਏ ਯੂਨੀਵਰਸਿਟੀ ਆਫ਼ ਸ਼ਿਕਾਗੋ ਦੇ ਊਰਜਾ ਨੀਤੀ ਇੰਸਟੀਚਿਊਟ (EPIC-India) ਨੇ ਸੁਝਾਅ ਦਿੱਤਾ ਹੈ ਕਿ ਪ੍ਰਦੂਸ਼ਣ ਨੂੰ ਤੇਜ਼ੀ ਨਾਲ ਤੇ ਅਸਲ ਸਮੇਂ ਵਿੱਚ ਨਾਪਣ ਲਈ ਵਧੇਰੇ ਜਾਂਚ ਕੇਂਦਰ ਸਥਾਪਤ ਕੀਤੇ ਜਾਣੇ ਚਾਹੀਦੇ ਹਨ। ਪ੍ਰਾਪਤ ਕੀਤੇ ਡੇਟਾ ਵਿੱਚ ਪ੍ਰਦੂਸ਼ਣ ਫੈਲਾਉਣ ਵਾਲੇ ਲੋਕਾਂ ਜਾਂ ਇਕਾਈਆਂ ਵਿਰੁੱਧ ਸਖ਼ਤ ਜ਼ੁਰਮਾਨੇ ਲਾਏ ਜਾਣੇ ਚਾਹੀਦੇ ਹਨ। ਲੋਕਾਂ ਨੂੰ ਇਨ੍ਹਾਂ ਪ੍ਰਦੂਸ਼ਣ ਫੈਲਾਉਣ ਵਾਲਿਆਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ। ਇਸ ਤੋਂ ਇਲਾਵਾ ਪ੍ਰਦੂਸ਼ਣ ਘਟਾਉਣ ਲਈ ਬਾਜ਼ਾਰਾਂ ਵਿੱਚ ਲੋੜੀਂਦੀਆਂ ਤਬਦੀਲੀਆਂ ਕੀਤੀ ਜਾਣੀਆਂ ਚਾਹੀਦੀਆਂ ਹਨ।

ਇਹ ਰਿਪੋਰਟ ਵਿਸ਼ੇਸ਼ ਤੌਰ 'ਤੇ ਪ੍ਰਦੂਸ਼ਣ ਕਾਰਨ ਲੋਕਾਂ ਦੀ ਸਿਹਤ 'ਤੇ ਪੈ ਰਹੇ ਮਾਰੂ ਪ੍ਰਭਾਵਾਂ ਬਾਰੇ ਅਧਿਐਨ ਕਰਕੇ ਤਿਆਰ ਕੀਤੀ ਗਈ ਹੈ। ਹਵਾ ਪ੍ਰਦੂਸ਼ਣ ਲੋਕਾਂ ਦੀ ਜ਼ਿੰਦਗੀ ਨੂੰ ਛੋਟੀ ਕਰਨ ਦੇ ਨਾਲ-ਨਾਲ ਬਿਮਾਰ ਵੀ ਬਣਾ ਰਿਹਾ ਹੈ। ਪਰ ਨਵੇਂ ਤੇ ਆਧੁਨਿਕ ਕੰਪਿਊਟਰ ਆਧਾਰਤ ਤਕਨੀਕਾਂ ਨਾਲ ਹਵਾ ਦੇ ਪ੍ਰਦੂਸ਼ਣ ਨੂੰ ਨਾਪਣ ਤੇ ਘਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।