ਮੁੰਬਈ: ਜੇਕਰ ਤੁਸੀਂ ਵੀ ਬੋਤਲ ਬੰਦ ਪੀਣ ਵਾਲੇ ਪਾਣੀ ਦੀ ਵਰਤੋਂ ਕਰਦੇ ਹੋ ਤਾਂ ਹੋ ਜਾਓ ਸਾਵਧਾਨ! ਇਹ ਪਾਣੀ ਤੁਹਾਨੂੰ ਬਿਮਾਰ ਕਰ ਸਕਦਾ ਹੈ। ਇੰਨਾ ਹੀ ਨਹੀਂ ਬਲਕਿ ਕੈਂਸਰ ਵਰਗੀ ਖ਼ਤਰਨਾਕ ਬਿਮਾਰੀ ਵੀ ਹੋ ਸਕਦੀ ਹੈ। ਦੋ ਸਾਲ ਪਹਿਲਾਂ ਭਾਭਾ ਅਟੋਮਿਕ ਰਿਸਰਚ ਸੈਂਟਰ ਦੇ ਚਾਰ ਵਿਗਿਆਨੀਆਂ ਨੇ ਮੁੰਬਈ 'ਚ ਬੰਦ ਬੋਤਲ ਵਾਲੇ ਪਾਣੀ ਦੀ ਜਾਂਚ ਕੀਤੀ ਸੀ। ਉਦੋਂ ਉਨ੍ਹਾਂ ਨੂੰ 27 ਫ਼ੀਸਦੀ ਨਮੂਨਿਆਂ 'ਚ ਤੈਅ ਮਾਤਰਾ ਤੋਂ ਜ਼ਿਆਦਾ ਬ੍ਰੋਮੇਟ ਮਿਲਿਆ ਸੀ। ਇਸ ਮਾਮਲੇ 'ਚ ਦੋ ਸਾਲ ਬਾਅਦ ਫੂਡ ਸੇਫ਼ਟੀ ਐਂਡ ਸਟੈਂਡਰਡ ਅਥਾਰਿਟੀ ਆਫ਼ ਇੰਡੀਆ ਨੇ ਮਹਾਰਾਸ਼ਟਰ ਐਫ.ਡੀ.ਏ. ਨੂੰ ਜਾਂਚ ਕਰਨ ਦਾ ਆਦੇਸ਼ ਦਿੱਤਾ ਹੈ।
ਭਾਭਾ ਦੇ ਵਿਗਿਆਨੀਆਂ ਦੀ ਰਿਪੋਰਟ ਜਾਰੀ ਹੋਣ ਤੋਂ ਬਾਅਦ ਦੋ ਸਾਲ ਤਕ ਪ੍ਰਸ਼ਾਸਨ ਨੇ ਕੋਈ ਕਦਮ ਨਹੀਂ ਚੁੱਕਿਆ। ਇਹ ਦੇਖਦੇ ਹੋਏ ਪਿਛਲੇ ਮਹੀਨੇ ਇੱਕ ਡਾਕਟਰ ਨੇ ਇਸ ਦੀ ਸ਼ਿਕਾਇਤ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਕੀਤੀ। ਡਾਕਟਰ ਨੇ ਨਾਂ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ, ਬ੍ਰੋਮੇਟ ਤੱਤ ਦੀ ਵਧ ਮਾਤਰਾ ਨਾਲ ਕਾਰਸੋਜੈਨਿਕ ਹੁੰਦੀ ਹੈ। ਇਸ ਕਾਰਨ ਖ਼ਤਰਨਾਕ ਬਿਮਾਰੀਆਂ ਵੀ ਹੋ ਸਕਦੀਆਂ ਹਨ। ਇਸ ਲਈ ਜਨਹਿੱਤ ਨੂੰ ਦੇਖਦੇ ਹੋਏ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ।
ਕਮਿਸ਼ਨ ਨੇ ਸ਼ਿਕਾਇਤ ਐਫ.ਐਸ.ਐਸ.ਏ.ਆਈ. ਕੋਲ ਭੇਜੀ। ਉਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮਹਾਰਾਸ਼ਟਰ ਫੂਡ ਐਂਡ ਡਰੱਗ ਐਡਮਨਿਸਟਰੇਸ਼ਨ ਨੂੰ ਪੱਤਰ ਲਿਖ ਕੇ ਮਾਮਲੇ ਦੀ ਜਾਂਚ ਦਾ ਨਿਰਦੇਸ਼ ਦਿੱਤਾ ਹੈ। ਐਫ.ਡੀ.ਏ. ਦੇ ਫੂਡ ਵਿਭਾਗ ਦੇ ਸੰਯੁਕਤ ਕਮਿਸ਼ਨ ਚੰਦਰਸ਼ੇਖਰ ਸਾਲੁੰਖੇ ਨੇ ਕਿਹਾ, 'ਪਾਣੀ ਦੀ ਜਾਂਚ ਲਈ ਅਸੀਂ ਪਾਣੀ ਦਾ ਨਮੂਨਾ ਲੈ ਕੇ ਉਸ ਨੂੰ ਪ੍ਰਯੋਗਸ਼ਾਲਾ 'ਚ ਜਾਂਚ ਲਈ ਭੇਜਾਂਗੇ। ਪਾਣੀ 'ਚ ਜਾਨਲੇਵਾ ਤੱਤਾਂ ਦੀ ਪੁਸ਼ਟੀ ਹੋਈ ਤਾਂ ਅਸੀਂ ਭਾਭਾ ਦੀ ਰਿਪੋਰਟ ਨੂੰ ਦਸਤਾਵੇਜ਼ਾਂ ਵਾਂਗ ਪੇਸ਼ ਕਰਕੇ ਸੰਬਧਿਤ ਕੰਪਨੀਆਂ 'ਤੇ ਕਾਰਵਾਈ ਕਰਾਂਗੇ।