ਨਿਊਯਾਰਕ: ਹਾਲ ਹੀ ਵਿੱਚ ਹੋਈ ਤਾਜ਼ਾ ਖੋਜ ਵਿੱਚ ਪਤਾ ਲੱਗਿਆ ਹੈ ਕਿ ਬੱਚੇ ਨੂੰ ਦੁੱਧ ਪਿਲਾਉਣ ਦਾ ਸਮਾਂ ਉਸ ਦੇ ਹੱਥ ਇਸਤੇਮਾਲ ਕਰਨ ’ਤੇ ਅਸਰ ਪਾ ਸਕਦਾ ਹੈ। ਯੂਨੀਵਰਸਿਟੀ ਆਫ ਵਾਸ਼ਿੰਗਟਨ ਵਿੱਚ ਹੋਈ ਖੋਜ ਮੁਤਾਬਕ ਜਿਨ੍ਹਾਂ ਬੱਚਿਆਂ ਨੇ ਮਾਂ ਦਾ ਦੁੱਧ ਪੀਤਾ ਹੁੰਦਾ ਹੈ, ਉਨ੍ਹਾਂ ਵਿੱਚ ਖੱਬੇ ਹੱਥ ਨਾਲ ਕੰਮ ਕਰਨ ਵਾਲੇ ਬੱਚੇ ਘੱਟ ਪਾਏ ਗਏ ਹਨ।
ਇਸ ਖੋਜ ਵਿੱਚ ਪਾਇਆ ਗਿਆ ਹੈ ਕਿ ਨੌਂ ਮਹੀਨਿਆਂ ਤੋਂ ਜ਼ਿਆਦਾ ਸਮੇਂ ਤਕ ਮਾਂ ਦਾ ਦੁੱਧ ਪੀਣ ਵਾਲੇ ਬੱਚੇ ਸੱਜੇ ਹੱਥ ਨਾਲ ਕੰਮ ਕਰਦੇ ਹਨ। ਦੂਜੇ ਪਾਸੇ ਪਾਇਆ ਗਿਆ ਕਿ ਜਿਨ੍ਹਾਂ ਬੱਚਿਆਂ ਨੇ ਬੋਤਲ ਨਾਲ ਦੁੱਧ ਪੀਤਾ ਸੀ, ਉਨ੍ਹਾਂ ਵਿੱਚ ਖੱਬੇ ਹੱਥ ਨਾਲ ਕੰਮ ਵਾਲੇ ਬੱਚੇ ਜ਼ਿਆਦਾ ਦਿੱਸੇ।
ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਹੱਥ ’ਤੇ ਕਾਬੂ ਕਰਨ ਵਾਲਾ ਦਿਮਾਗ਼ ਦਾ ਹਿੱਸਾ ਦਿਮਾਗ਼ ਦੇ ਇੱਕ ਹਿੱਸੇ ਵਿੱਚ ਸਥਿਰ ਰਹਿ ਜਾਂਦਾ ਹੈ। ਖੋਜੀਆਂ ਨੇ ਦੱਸਿਆ ਕਿ ਹੋ ਸਕਦਾ ਹੈ ਕਿ ਮਾਂ ਦੇ ਦੁੱਧ ਪਿਲਾਉਣ ਵੇਲੇ ਇਹ ਪ੍ਰਕਿਰਿਆ ਗਤੀ ਫੜ ਲੈਂਦੀ ਹੈ ਜਿਸ ਨਾਲ ਬੱਚਾ ਸੱਜੇ ਜਾਂ ਖੱਬੇ ਹੱਥ ਨਾਲ ਕੰਮ ਕਰਨ ਦਾ ਆਦੀ ਹੁੰਦਾ ਹੈ। ਖੋਜ ਲਈ ਖੋਜੀਆਂ ਨੇ 62,129 ਮਾਂ-ਬੱਚੇ ਦੇ ਜੋੜਿਆਂ ਨੂੰ ਖੋਜ ਵਿੱਚ ਸ਼ਾਮਲ ਕੀਤਾ ਸੀ।