ਰਾਜਸਥਾਨ: ਜੈਸਲਮੇਰ ਦੇ ਰਾਮਗੜ੍ਹ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਨੇ ਜਣੇਪੇ ਦੌਰਾਨ ਬੱਚੇ ਨੂੰ ਇੰਨੀ ਜ਼ੋਰ ਨਾਲ ਖਿੱਚਿਆ ਕਿ ਉਸ ਦੇ ਦੋ ਟੋਟੇ ਹੋ ਗਏ। ਬੱਚੇ ਦੇ ਧੜ ਤਕ ਦਾ ਹਿੱਸਾ ਤਾਂ ਬਾਹਰ ਆ ਗਿਆ ਪਰ ਸਿਰ ਵਾਲਾ ਹਿੱਸਾ ਮਾਂ ਦੀ ਕੁੱਖ ਦੇ ਅੰਦਰ ਹੀ ਰਹਿ ਗਿਆ। ਡਾਕਟਰਾਂ ਨੇ ਗਰਭਵਤੀ ਦੇ ਘਰ ਵਾਲਿਆਂ ਨੂੰ ਕੁਝ ਨਹੀਂ ਦੱਸਿਆ ਤੇ ਮਹਿਲਾ ਨੂੰ ਜੈਸਲਮੇਰ ਲਈ ਰੈਫਰ ਕਰ ਦਿੱਤਾ। ਜੈਸਲਮੇਰ ਤੋਂ ਜੋਧਪੁਰ ਭੇਜ ਦਿੱਤਾ ਗਿਆ। ਇੱਥੋਂ ਹੀ ਉਨ੍ਹਾਂ ਨੂੰ ਪੂਰੇ ਮਾਮਲੇ ਬਾਰੇ ਪਤਾ ਲੱਗਾ।

ਤਿੰਨ ਦਿਨ ਪਹਿਲਾਂ ਦੀਕਸ਼ਾ ਕੰਵਰ ਨੂੰ ਪ੍ਰਸੂਤ ਪੀੜਾਂ ਦੇ ਬਾਅਦ ਉਸ ਦੇ ਪਰਿਵਾਰ ਵਾਲੇ ਰਾਮਗੜ੍ਹ ਹਸਪਤਾਲ ਲੈ ਗਏ ਸੀ। ਇੱਥੇ ਦਾਖ਼ਲ ਕਰਵਾਉਣ ਬਾਅਦ ਡਾਕਟਰਾਂ ਨੇ ਕਿਹਾ ਕਿ ਮਹਿਲਾ ਨੂੰ ਜੈਸਲਮੇਰ ਲੈ ਜਾਓ। ਪਰ ਪਰਿਵਾਰ ਵਾਲਿਆਂ ਨੂੰ ਇਹ ਨਹੀਂ ਦੱਸਿਆ ਕਿ ਜਣੇਪੇ ਦੌਰਾਨ ਬੱਚੇ ਦਾ ਸਿਰ ਮਹਿਲਾ ਦੀ ਕੁੱਖ ਅੰਦਰ ਰਹਿ ਗਿਆ ਹੈ।

ਰਾਮਗੜ੍ਹ ਹਸਪਤਾਲ ਨੇ ਡਾ. ਨਿਖਿਲ ਸ਼ਰਮਾ ਨੇ ਦੱਸਿਆ ਕਿ ਗਰਭਵਤੀ ਮਹਿਲਾ ਨੂੰ ਜਦੋਂ ਹਸਪਤਾਲ ਲਿਆਂਦਾ ਗਿਆ ਸੀ ਤਾਂ ਡਾਕਟਰ ਉਸ ਨੂੰ ਜਣੇਪੇ ਲਈ ਅੰਦਰ ਲੈ ਗਏ ਸੀ। ਉਨ੍ਹਾਂ ਵੇਖਿਆ ਕਿ ਨਵਜਾਤ ਬੱਚੇ ਦੇ ਪੈਰ ਬਾਹਰ ਨਜ਼ਰ ਆ ਰਹੇ ਸੀ ਪਰ ਉਹ ਮ੍ਰਿਤ ਬੱਚਾ ਸੀ। ਉਨ੍ਹਾਂ ਕਿਹਾ ਕਿ ਇੱਥੇ ਪੂਰੀ ਵਿਵਸਥਾ ਨਾ ਹੋਣ ਕਰਕੇ ਮਹਿਲਾ ਨੂੰ ਜੈਸਲਮੇਰ ਰੈਫਰ ਕਰ ਦਿੱਤਾ ਗਿਆ ਸੀ।

ਉੱਧਰ ਜੈਸਲਮੇਰ ਦੇ ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਰਾਮਗੜ੍ਹ ਹਸਪਤਾਲ ਵਾਲਿਆਂ ਦੱਸਿਆ ਸੀ ਕਿ ਮਹਿਲਾ ਦਾ ਜਣੇਪਾ ਹੋ ਚੁੱਕਿਆ ਹੈ ਪਰ ਔਲ਼ (ਪਲਸੈਂਟਾ) ਅੰਦਰ ਰਹਿ ਗਿਆ ਹੈ। ਉਨ੍ਹਾਂ ਨੇ ਰਾਤ ਵੇਲੇ ਹੀ ਔਲ਼ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਕੁਝ ਸਮਝ ਨਹੀਂ ਆਇਆ ਤੇ ਮਹਿਲਾ ਨੂੰ ਜੋਧਪੁਰ ਰੈਫਰ ਕਰ ਦਿੱਤਾ। ਇਸ ਪਿੱਛੋਂ ਜੋਧਪੁਰ ਦੇ ਉਮੇਧ ਹਸਪਤਾਲ ਵਿੱਚ ਡਾਕਟਰਾਂ ਨੇ ਮਹਿਲਾ ਦੀ ਡਿਲੀਵਰੀ ਕੀਤੀ ਤਾਂ ਬੱਚੇ ਦਾ ਸਿਰ ਬਾਹਰ ਕੱਢਿਆ ਗਿਆ। ਪਰਿਵਾਰ ਵਾਲੇ ਬੱਚੇ ਦਾ ਸਿਰ ਲੈ ਕੇ ਥਾਣੇ ਪਹੁੰਚੇ ਤੇ ਮਾਲਮੇ ਦੀ ਸ਼ਿਕਾਇਤ ਕੀਤੀ। ਪੁਲਿਸ ਨੇ ਡਾਕਟਰਾਂ ਨੂੰ ਪੁੱਛਗਿੱਛ ਬਾਅਦ ਬੱਚੇ ਦੇ ਧੜ ਵੀ ਬਰਾਮਦ ਕਰ ਲਿਆ ਹੈ। ਸਬੰਧਤ ਡਾਕਟਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਜੋਧਪੁਰ ਦੇ ਡਾਕਟਰਾਂ ਨੇ ਕਿਹਾ ਕਿ ਅਜਿਹਾ ਕੇਸ ਕਦੀ ਸਾਹਮਣੇ ਨਹੀਂ ਆਇਆ, ਇਹ ਜਾਂਚ ਦਾ ਵਿਸ਼ਾ ਹੈ। ਇਸ ਮਾਮਲੇ ਸਬੰਧੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਵੱਡੀ ਗੱਲ ਇਹ ਹੈ ਕਿ ਇੰਨੀ ਵੱਡੀ ਗੱਲ ਹੋਣ ਦੇ ਬਾਵਜੂਦ ਰਾਮਗੜ੍ਹ ਹਸਪਤਾਲ ਦੇ ਡਾਕਟਰਾਂ ਨੇ ਮਹਿਲਾ ਦੇ ਪਰਿਵਾਰ ਨੂੰ ਕੁਝ ਨਹੀਂ ਦੱਸਿਆ ਤੇ ਜੈਸਲਮੇਰ ਰੈਫਰ ਕਰ ਦਿੱਤਾ।