ਚੰਡੀਗੜ੍ਹ: ਸੋਸ਼ਲ ਮੀਡੀਆ ’ਤੇ ਜ਼ਿਆਦਾ ਸਮਾਂ ਬਿਤਾਉਣ ਕਰਕੇ ਤਣਾਓ ਦਾ ਖ਼ਤਰਾ ਹੋ ਸਕਦਾ ਹੈ। ਇਸ ਸਬੰਧੀ ਕਈ ਖੋਜਾਂ ਸਾਹਮਣੇ ਆ ਚੁੱਕੀਆਂ ਹਨ। ਹਾਲ ਹੀ ਵਿੱਚ ਨਵੇਂ ਅਧਿਐਨ ’ਚ ਦਾਅਵਾ ਕੀਤਾ ਗਿਆ ਹੈ ਕਿ ਸੋਸ਼ਲ ਮੀਡੀਆ ਦੇ ਜ਼ਿਆਦਾ ਇਸਤੇਮਾਲ ਨਾਲ ਲੜਕਿਆਂ ਦੇ ਮੁਕਾਬਲੇ ਲੜਕੀਆਂ ਵਿੱਚ ਤਣਾਓ ਦਾ ਖ਼ਤਰਾ ਵਧੇਰੇ ਹੁੰਦਾ ਹੈ। ਦਰਅਸਲ, ਬ੍ਰਿਟੇਨ ਦੀ ਯੂਨੀਵਰਸਿਟੀ ਲੰਦਨ ਨੇ 14 ਸਾਲਾਂ ਦੇ 11 ਹਜ਼ਾਰ ਮੁੰਡੇ-ਕੁੜੀਆਂ ਦਾ ਡੇਟਾ ਐਨਾਲਿਸਸ ਕੀਤਾ ਤੇ ਨਤੀਜੇ ਵੀ ਛਪਵਾਏ ਹਨ।


ਇਸ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਜੋ ਕੁੜੀਆਂ ਰੋਜ਼ਾਨਾ 5 ਘੰਟੇ ਤੋਂ ਵੱਧ ਸਮਾਂ ਸੋਸ਼ਲ ਮੀਡੀਆ ’ਤੇ ਗੁਜ਼ਾਰਦੀਆਂ ਹਨ, ਉਨ੍ਹਾਂ ਵਿੱਚੋਂ 40 ਫੀਸਦੀ ਵਿੱਚ ਤਣਾਓ ਦੇ ਲੱਛਣ ਵੇਖੇ ਗਏ ਹਨ। ਜਦਕਿ ਇੰਨਾ ਹੀ ਸਮਾਂ ਬਿਤਾਉਣ ਵਾਲੇ ਮੁੰਡਿਆਂ ਵਿੱਚੋਂ ਸਿਰਫ 15 ਫੀਸਦੀ ਮੁੰਡਿਆਂ ਵਿੱਚ ਹੀ ਤਣਾਓ ਦਾ ਖ਼ਤਰਾ ਨਜ਼ਰ ਆਇਆ। ਯੂਨੀਵਰਸਿਟੀ ਦੇ ਪ੍ਰੋਫੈਸਰ ਵੋਨੇ ਕੇਲੀ ਨੇ ਦੱਸਿਆ ਕਿ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਸੋਸ਼ਲ ਮੀਡੀਆ ਦਾ ਜ਼ਿਆਦਾ ਇਸਤੇਮਾਲ ਕਰਦੀਆਂ ਹਨ ਤੇ ਉਨ੍ਹਾਂ ਵਿੱਚ ਤਣਾਓ ਦੇ ਲੱਛਣ ਵੀ ਮੁੰਡਿਆਂ ਨਾਲੋਂ ਵਧੇਰੇ ਹਨ।

ਇਸ ਅਧਿਐਨ ਵਿੱਚ ਇਹ ਵੀ ਸਾਹਮਣੇ ਆਇਆ ਕਿ 5 ਵਿੱਚੋਂ ਸਿਰਫ ਦੋ ਕੁੜੀਆਂ ਹੀ ਰੋਜ਼ਾਨਾ ਤਿੰਨ ਘੰਟਿਆਂ ਤੋਂ ਜ਼ਿਆਦਾ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੀਆਂ ਹਨ ਜਦਕਿ 5 ਵਿੱਚੋਂ ਸਿਰਫ ਇੱਕ ਮੁੰਡਾ ਹੀ ਇੰਨਾ ਸਮਾਂ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦਾ ਹੈ। ਸਰਵੇਖਣ ਵਿੱਚ ਸ਼ਾਮਲ 10 ਫੀਸਦੀ ਮੁੰਡਿਆਂ ਨੇ ਤਾਂ ਮੰਨਿਆ ਕਿ ਉਹ ਬਿਲਕੁਲ ਸੋਸ਼ਲ ਮੀਡੀਆ ਇਸਤੇਮਾਲ ਨਹੀਂ ਕਰਦੇ ਜਦਕਿ ਅਜਿਹਾ ਦਾਅਵਾ ਕਰਨ ਵਾਲੀਆਂ ਸਿਰਫ 4 ਫੀਸਦੀ ਕੁੜੀਆਂ ਹੀ ਸਾਹਮਣੇ ਆਈਆਂ।

ਇਸ ਦੇ ਇਲਾਵਾ, ਇਸ ਅਧਿਐਨ ਵਿੱਚ ਇਹ ਵੀ ਪਤਾ ਲੱਗਾ ਕਿ ਸੋਸ਼ਲ ਮੀਡੀਆ ਦੀ ਵਧੇਰੇ ਵਰਤੋਂ ਨੀਂਦ ਨੂੰ ਪ੍ਰਭਾਵਿਤ ਕਰਦੀ ਹੈ। ਸਰਵੇਖਣ ਵਿੱਚ, 5.4 ਫੀਸਦੀ ਲੜਕੀਆਂ ਅਤੇ 2.7 ਫੀਸਦੀ ਮੁੰਡਿਆਂ ਨੇ ਕਿਹਾ ਕਿ ਉਹ 7 ਘੰਟੇ ਤੋਂ ਵੀ ਘੱਟ ਨੀਂਦ ਲੈਂਦੇ ਹਨ। ਸਰਵੇਖਣ ਵਿੱਚ ਸ਼ਾਮਲ ਲੜਕਿਆਂ ਤੇ ਲੜਕੀਆਂ ਦਾ ਮੰਨਣਾ ਸੀ ਕਿ ਤਣਾਓ ਕਾਰਨ ਉਹ ਚੰਗੀ ਨੀਂਦ ਨਹੀਂ ਲੈ ਪਾਉਂਦੇ।

ਅਧਿਐਨ ਮੁਤਾਬਕ 14 ਸਾਲ ਦੀਆਂ 7.5 ਫੀਸਦੀ ਲੜਕੀਆਂ ਤੇ 4.3 ਫੀਸਦੀ ਮੁੰਡੇ ਆਨਲਾਈਨ ਸੋਸ਼ਣ ਦਾ ਸ਼ਿਕਾਰ ਹੁੰਦੇ ਹਨ, ਜਦਕਿ 17.4 ਫੀਸਦੀ ਮੁੰਡਿਆਂ ਦੇ ਮੁਕਾਬਲੇ 35.6 ਕੁੜੀਆਂ ਨੇ ਖ਼ੁਦ ਨੂੰ ਤਣਾਓ ਦਾ ਸ਼ਿਕਾਰ ਮੰਨਿਆ। ਇਸ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ 32.8 ਕੁੜੀਆਂ ਤੇ 7.9 ਫੀਸਦੀ ਮੁੰਡੇ ਆਨਲਾਈਨ ਬੁਲਿੰਗ ਦਾ ਸ਼ਿਕਾਰ ਹੁੰਦੇ ਹਨ।