ਚੰਡੀਗੜ੍ਹ: ਅਕਸਰ ਪੰਜਾਬ ਦੀ 80 ਫੀਸਦੀ ਨੌਜਵਾਨੀ ਨਸ਼ਿਆਂ ਦੇ ਜਾਲ ਵਿੱਚ ਫਸੀ ਹੋਣ ਦੇ ਦਾਅਵਾ ਕੀਤੇ ਜਾਂਦੇ ਹਨ ਪਰ ਤਾਜ਼ਾ ਅੰਕੜਿਆਂ ਵਿੱਚ ਪਤਾ ਲੱਗਾ ਹੈ ਕਿ ਪੰਜਾਬ ਹੀ ਨਹੀਂ ਪੂਰੇ ਦੇਸ਼ ਦੇ ਨੌਜਵਾਨਾਂ 'ਤੇ ਨਸ਼ਿਆਂ ਦਾ ਕਹਿਰ ਹੈ। ਗਲੋਬਲ ਐਡਲਟ ਟੋਬੈਕੋ ਸਰਵੇਖਣ ਦੀ ਤਾਜ਼ਾ ਰਿਪੋਰਟ ਮੁਤਾਬਕ, ਭਾਰਤ ਦੀ ਕੁੱਲ 130 ਕਰੋੜ ਆਬਾਦੀ ਵਿੱਚੋਂ 28.6 ਫੀਸਦੀ ਲੋਕ ਤੰਬਾਕੂ ਦਾ ਸੇਵਨ ਕਰਦੇ ਹਨ। ਹੈਰਾਨ ਕਰਨ ਵਾਲਾ ਤੱਥ ਇਹ ਹੈ ਕਿ ਕਰੀਬ 18.4 ਫੀਸਦੀ ਨੌਜਵਾਨ ਨਾ ਸਿਰਫ ਤੰਬਾਕੂ, ਬਲਕਿ ਸਿਗਰੇਟ, ਬੀੜੀ, ਖੈਣੀ, ਬੀਟਲ, ਅਫ਼ੀਮ ਤੇ ਗਾਂਜਾ ਵਰਗੇ ਖ਼ਤਰਨਾਕ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਹਨ। ਇਹ ਤਾਜ਼ਾ ਅੰਕੜਾ ਬੇਹੱਦ ਫਿਕਰ ਦਾ ਵਿਸ਼ਾ ਹਨ।
ਬੀਤੇ ਸਾਲ ਆਈ WHO ਦੀ ਗਲੋਬਲ ਸਟੇਟਸ ਰਿਪੋਰਟ ਵਿੱਚ ਵੀ ਕੁਝ ਅਜਿਹੇ ਹੀ ਚਿੰਤਾਜਨਕ ਅੰਕੜੇ ਸਾਹਮਣੇ ਆਏ ਸੀ। 2017 ਵਿੱਚ ਆਈ ਇਸ ਰਿਪੋਰਟ ਮੁਤਾਬਕ ਭਾਰਤ ਵਿੱਚ ਬੀਤੇ 11 ਸਾਲਾਂ ਵਿੱਚ ਪ੍ਰਤੀ ਵਿਅਕਤੀ ਸ਼ਰਾਬ ਦੀ ਖਪਤ ਦੁੱਗਣੀ ਹੋ ਗਈ ਸੀ। 11 ਸਾਲ ਪਹਿਲਾਂ ਪਹਿਲਾਂ ਜਿੱਥੇ ਇੱਕ ਵਿਅਕਤੀ 3 ਲੀਟਰ ਸ਼ਰਾਬ ਪੀਂਦਾ ਸੀ, ਉੱਥੇ ਇਹ ਖਪਤ ਵਧ ਕੇ 6 ਲੀਟਰ ਹੋ ਗਈ ਹੈ।
ਰਿਪੋਰਟ ਮੁਤਾਬਕ ਇਸ ਦਹਾਕੇ ਵਿੱਚ ਭਾਰਤੀ ਨੌਜਵਾਨਾਂ ਵਿੱਚ ਤੰਬਾਕੂ ਤੇ ਸ਼ਰਾਬ ਦੇ ਇਲਾਵਾ ਇੱਕ ਹੋਰ ਨਸ਼ੀਲੇ ਪਦਾਰਥ ਦੀ ਆਦਤ ਤੇਜ਼ੀ ਨਾਲ ਵਧ ਰਹੀ ਹੈ। ਸੁਪਰਫੂਡ ਤੋਂ ਲੈ ਕੇ ਜੰਕ ਫੂਡ ਨਾ ਸਿਰਫ ਸ਼ਹਿਰਾਂ, ਬਲਿਕ ਪੇਂਡੂ ਇਲਾਕਿਆਂ ਵਿੱਚ ਵੀ ਆਪਣੇ ਪੈਰ ਪਸਾਰ ਰਹੇ ਹਨ। 2018 ਵਿੱਚ ਆਈ ਕਲਿੰਟ ਦੀ ਰਿਪੋਰਟ ਮੁਤਾਬਕ 35 ਫੀਸਦੀ ਭਾਰਤੀ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਇੱਕ ਵਾਰ ਫਾਸਟ ਫੂਡ ਖਾਂਦੇ ਹਨ।
ਇੰਡੀਅਨ ਜਨਰਲ ਆਫ਼ ਪਬਲਿਕ ਹੈਲਥ ਦੇ ਸਰਵੇਖਣ ਮੁਤਾਬਕ 14 ਫੀਸਦੀ ਸਕੂਲੀ ਬੱਚੇ ਮੋਟਾਪੇ ਦਾ ਸ਼ਿਕਾਰ ਹਨ। ਜੰਕ ਫੂਡ ਵਿੱਚ ਜ਼ਰੂਰੀ ਪੋਸ਼ਣ ਤੱਤਾਂ ਦੀ ਕਮੀ ਦੇ ਕਰਕੇ ਮੋਟਾਪਾ ਵਧਦਾ ਹੈ। ਬਦਲਦੇ ਤੌਰ-ਤਰੀਕੇ ਤੇ ਸ਼ਹਿਰੀ ਲਾਈਫਸਟਾਈਲ ਘੱਟ ਨੀਂਦ ਦਾ ਮੁੱਖ ਕਾਰਨ ਹੈ। ਕੰਮ ਦਾ ਬੋਝ, ਸਿੱਖਿਆ ਦਾ ਦਬਾਅ, ਰਿਸ਼ਤਿਆਂ ’ਚ ਆਉਂਦੀ ਖਟਾਸ, ਤਣਾਓ ਤੇ ਹੋਰ ਸਮੱਸਿਆਵਾਂ ਕਰਕੇ ਲੋਕਾਂ ਨੂੰ ਨੀਂਦ ਨਹੀਂ ਆਉਂਦੀ। ਨੌਜਵਾਨ ਜ਼ਿਆਦਾਤਰ ਸਮਾਂ ਫਿਲਮ ਵੇਖਣ ਤੇ ਪਾਰਟੀ ਕਰਨ ਵਿੱਚ ਗੁਜ਼ਾਰਦੇ ਹਨ।
ਦਰਅਸਲ ਭੱਜਦੌੜ ਵਾਲੇ ਜੀਵਨ, ਕੰਮ ਦਾ ਬੋਝ ਤੇ ਮਾਨਸਿਕ ਤਣਾਓ ਹੋਣ ਦੇ ਨਾਲ-ਨਾਲ ਮੌਜੂਦਾ ਦੌਰ ’ਚ ਮਾੜੀਆਂ ਆਦਤਾਂ ਲੋਕਾਂ ਦੀਆਂ ਪ੍ਰੇਸ਼ਾਨੀਆਂ ਹੋਰ ਵਧਾ ਸਕਦੀਆਂ ਹਨ, ਕਿਉਂਕਿ ਇਸ ਨਾਲ ਉਨ੍ਹਾਂ ਦੀ ਸਰੀਰਕ ਊਰਜਾ ਘਟਦੀ ਜਾਂਦੀ ਹੈ। ਮਾਹਰਾਂ ਨੇ ਇਸ ਨੂੰ ਗੰਭੀਰ ਵਿਸ਼ਾ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਜਲਦ ਤੋਂ ਜਲਦ ਇਨ੍ਹਾਂ ਮਾੜੀਆਂ ਆਦਤਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਤਿਆਗ ਦੇਣਾ ਚਾਹੀਦਾ ਹੈ ਤੇ ਸਿਹਤਮੰਦ ਜੀਵਨਸ਼ੈਲੀ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ।
ਨੋਟ: ਇਹ ਸਭ ਖੋਜ ਦੇ ਦਾਅਵੇ ਹਨ। ‘ਏਬੀਪੀ ਸਾਂਝਾ’ ਇਸ ਦੀ ਪੁਸ਼ਟੀ ਨਹੀਂ ਕਰਦਾ।