ਨਵੀਂ ਦਿੱਲੀ: ਕੋਰੋਨਾਵਾਇਰਸ ਦੇਸ਼ ਭਰ 'ਚ ਬੇਕਾਬੂ ਹੁੰਦਾ ਜਾ ਰਿਹਾ ਹੈ। ਅੱਜ ਲੌਕਡਾਉਨ ਦਾ ਦੇਸ਼ ਭਰ 'ਚ ਚੌਥਾ ਦਿਨ ਹੈ। ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਨਿਰੰਤਰ ਵੱਧਦੀ ਜਾ ਰਹੀ ਹੈ। ਕੋਰੋਨਾ ਦੇ 886 ਪੋਜ਼ਟਿਵ ਕੇਸ ਸਾਹਮਣੇ ਆ ਚੁੱਕੇ ਹਨ। ਚੰਗੀ ਗੱਲ ਇਹ ਹੈ ਕਿ ਇਸ ਵਿੱਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 76 ਹੈ।ਇਸ ਮਾਰੂ ਵਾਇਰਸ ਦੀ ਲਪੇਟ 'ਚ ਆ ਕੇ ਭਾਰਤ 'ਚ 19 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਪੰਜਾਬ 'ਚ ਕੋਰੋਨਾਵਾਇਰਸ ਦੇ 38 ਮਾਮਲੇ ਸਾਹਮਣੇ ਆ ਚੁੱਕੇ ਹਨ। ਸੂਬੇ 'ਚ ਇੱਕ ਵਿਅਕਤੀ ਦੀ ਮੌਤ ਹੋਈ ਹੈ। ਸਭ ਤੋਂ ਵੱਧ ਕੋਰੋਨਾ ਪੋਜ਼ਟਿਵ ਮਰੀਜ਼ ਨਵਾਂ ਸ਼ਹਿਰ 'ਚ ਹਨ। ਇੱਥੇ ਬਹੁਤ ਸਾਰੇ ਲੋਕ ਕੋਰੋਨਾ ਪੋਜ਼ਟਿਵ ਬਲਦੇਵ ਸਿੰਘ ਦੇ ਸੰਪਰਕ 'ਚ ਆਏ ਸਨ ਜਿਸਦੀ ਪਿਛਲੇ ਹਫ਼ਤੇ ਮੌਤ ਹੋ ਗਈ ਸੀ।ਪੰਜਾਬ 'ਚ ਕਰਫਿਊ ਦਾ ਛੇਵਾਂ ਦਿਨ ਹੈ। ਸੂਬੇ 'ਚ 2 ਮਰੀਜ਼ ਸਿਹਤਯਾਬ ਵੀ ਹੋ ਗਏ ਹਨ।

ਦੇਸ਼ 'ਚ ਕੋਰੋਨਾਵਾਇਰਸ ਦੇ ਸਭ ਤੋਂ ਵੱਧ ਮਰੀਜ਼ ਕੇਰਲਾ 'ਚ ਹਨ। ਇੱਥੇ 176 ਲੋਕ ਕੋਰੋਨਾ ਪੀੜਤ ਹਨ। ਚੰਗੀ ਗੱਲ ਇਹ ਹੈ ਕਿ ਇਥੇ ਕਿਸੇ ਦੀ ਕੋਰੋਨਾ ਨਾਲ ਮੌਤ ਨਹੀਂ ਹੋਈ ਹੈ ਅਤੇ 11 ਲੋਕਾਂ ਸਿਹਤਯਾਬ ਵੀ ਹੋਏ ਹਨ।ਦੂਜੇ ਨੰਬਰ ਤੇ ਮਹਾਰਾਸ਼ਟਰ ਹੈ ਜਿਥੇ 156 ਲੋਕ ਕੋਰੋਨਾ ਪੀੜਤ ਹਨ। ਇਸੇ ਤਰ੍ਹਾਂ ਕਰਨਾਟਕ 64, ਤੇਲਾਂਗਨਾ 59, ਰਾਜਸਥਾਨ 50, ਯੂਪੀ 49, ਗੁਜਰਾਤ 47, ਰਾਜਧਾਨੀ ਦਿੱਲੀ 'ਚ 40, ਤਾਮਿਲਨਾਡੂ 38, ਹਰਿਆਣਾ 33,ਮੱਧ ਪ੍ਰਦੇਸ਼ 29, ਜੰਮੂ ਕਸ਼ਮੀਰ 20, ਬੰਗਾਲ 15, ਆਂਦਰ ਪ੍ਰਦੇਸ਼ 13, ਲਦਾਖ 13, ਬਿਹਾਰ 9, ਚੰਡੀਗੜ੍ਹ 8, ਅੰਡੇਮਾਨ ਅਤੇ ਨਿਕੋਬਾਰ ਆਈਲੈਂਡਜ਼ 6, ਛਤੀਸਗੜ੍ਹ 6, ਉਤਰਾਖੰਡ 5, ਗੋਆ 3, ਹਿਮਾਚਲ ਪ੍ਰਦੇਸ਼ 3, ਓੜੀਸ਼ਾ 3, , ਮਨੀਪੁਰ,ਮੀਜ਼ੋਰਮ ਅਤੇ ਪੁਡੂਚੇਰੀ 'ਚ ਇੱਕ-ਇੱਕ ਮਾਮਲਾ ਹੈ।

ਵਿਸ਼ਵ ਪੱਧਰ ਤੇ ਗੱਲ ਕਰੀਏ ਤਾਂ ਦਸੰਬਰ ਵਿੱਚ ਚੀਨ ਤੋਂ ਸ਼ੁਰੂ ਹੋਏ ਇਸ ਵਾਇਰਸ ਦਾ ਪਹਿਲਾ ਕੇਸ ਸਾਹਮਣੇ ਆਉਣ ਤੋਂ ਬਾਅਦ 181 ਦੇਸ਼ਾਂ ਵਿੱਚ 597,267 ਕੇਸ ਦਰਜ ਕੀਤੇ ਗਏ ਹਨ ਅਤੇ ਇਨ੍ਹਾਂ ਵਿਚੋਂ 27,365 ਲੋਕਾਂ ਦੀ ਮੌਤ ਹੋ ਚੁੱਕੀ ਹੈ।ਜਦਕਿ 133,363 ਲੋਕ ਠੀਕ ਵੀ ਹੋਏ ਹਨ।