ਚੰਡੀਗੜ੍ਹ : ਫ਼ਰੀਦਕੋਟ ਜ਼ਿਲ੍ਹੇ ਵਿੱਚ ਸਿਹਤ ਵਿਭਾਗ ਨੇ 321 ਡੇਂਗੂ ਦੇ ਮਰੀਜ਼ਾਂ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਸਿਹਤ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਸਮੁੱਚੀ ਸਥਿਤੀ ਕੰਟਰੋਲ ਹੇਠ ਹੈ। ਸਿਹਤ ਵਿਭਾਗ ਨੇ ਡੇਂਗੂ ਦਾ ਸਹੀ ਅੰਦਾਜ਼ਾ ਲਾਉਣ ਲਈ ਪ੍ਰਭਾਵਿਤ ਥਾਵਾਂ ਦਾ ਦੌਰਾ ਕੀਤਾ। ਮਾਹਿਰ ਡਾਕਟਰਾਂ ਨੇ ਰਿਹਾਇਸ਼ੀ ਇਲਾਕਿਆਂ ਵਿੱਚ ਜਾ ਕੇ ਡੇਂਗੂ ਬਾਰੇ ਵੇਰਵੇ ਇਕੱਤਰ ਕੀਤੇ ਹਨ। ਕੋਟਕਪੂਰਾ ਵਿੱਚ ਡੇਂਗੂ ਦੇ 186, ਫਰੀਦਕੋਟ ਵਿੱਚ 78, ਜੰਡ ਸਾਹਿਬ ‘ਚ 41 ਅਤੇ ਬਾਜਾਖਾਨਾ ਵਿੱਚ 47 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਭਾਵੇਂ ਕਿ ਨਵੰਬਰ ਮਹੀਨਾ ਖ਼ਤਮ ਹੋਣ ਵਾਲਾ ਹੈ ਅਤੇ ਮੌਸਮ ਵਿੱਚ ਵੀ ਠੰਢਕ ਵਧਣੀ ਸ਼ੁਰੂ ਹੋ ਗਈ ਹੈ ਫੇਰ ਵੀ ਡੇਂਗੂ ਦੇ ਕੇਸ ਲਗਾਤਾਰ ਆ ਰਹੇ ਹਨ।
ਡਾ. ਵੀ.ਪੀ. ਸਿੰਘ, ਸਿਹਤ ਅਧਿਕਾਰੀ ਦਰਸ਼ਨ ਸਿੰਘ, ਦੇਸ ਰਾਜ ਅਤੇ ਸਿਵਲ ਸਰਜਨ ਸੰਪੂਰਨ ਸਿੰਘ ਨੇ ਕਿਹਾ ਕਿ ਪਿਛਲੇ 24 ਘੰਟੇ ਦੇ ਸਰਵੇ ਦੌਰਾਨ ਸਿਰਫ਼ ਤਿੰਨ ਨਵੇਂ ਮਰੀਜ਼ਾਂ ਦੀ ਸ਼ਨਾਖਤ ਹੋਈ ਹੈ ਜਦੋਂ ਕਿ ਬਾਕੀ ਮਰੀਜ ਪੁਰਾਣੇ ਹਨ। ਉਨ੍ਹਾਂ ਕਿਹਾ ਕਿ ਡੇਂਗੂ ਦੇ ਮਰੀਜ਼ਾਂ ਨੂੰ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਹੈ। ਸਿਵਲ ਸਰਜਨ ਡਾ. ਸੰਪੂਰਨ ਸਿੰਘ ਨੇ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਢਾਬਿਆਂ, ਰੈਸਟੋਰੈਂਟਾਂ ਅਤੇ ਹੋਰ ਜਨਤਕ ਥਾਵਾਂ ‘ਤੇ ਸਿਹਤ ਵਿਭਾਗ ਦੀਆਂ ਟੀਮਾਂ ਛਾਪੇ ਮਾਰ ਰਹੀਆਂ ਹਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਹਤ ਕਰਮਚਾਰੀ ਘਰ-ਘਰ ਜਾ ਰਹੇ ਹਨ। ਡਾ. ਕਮਲਦੀਪ ਕੌਰ ਨੇ ਕਿਹਾ ਕਿ ਲੋਕਾਂ ਨੂੰ ਡੇਂਗੂ ਦੇ ਕਾਰਨਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਡੇਂਗੂ ਬੁਖਾਰ ਮਾਦਾ ਏਡੀਜ਼ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਅਤੇ ਇਹ ਮੱਛਰ ਸਾਫ਼ ਖੜੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦਾ ਹੈ। ਡਾ. ਕਮਲਦੀਪ ਕੌਰ ਨੇ ਕਿਹਾ ਕਿ ਡੇਂਗੂ ਬੁਖਾਰ ਤੋਂ ਬਚਣ ਲਈ ਆਪਣੇ ਆਲੇ-ਦੁਆਲੇ ਦੀ ਸਾਫ਼ ਸਫ਼ਾਈ ਰੱਖੀ ਜਾਵੇ ਅਤੇ ਤੇਜ਼ ਬੁਖਾਰ, ਸਿਰ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਮਾਸ ਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ, ਉਲਟੀਆਂ ਆਉਣਾ, ਥਕਾਨ, ਚਮੜੀ ‘ਤੇ ਦਾਣੇ ਅਤੇ ਮੂੰਹ ਤੇ ਮਸੂੜਿਆਂ ਵਿੱਚ ਖੂਨ ਵਗਣ ਜਿਹੇ ਲੱਛਣ ਦਿਸਣ ‘ਤੇ ਤੁਰੰਤ ਮੈਡੀਕਲ ਚੈੱਕਅਪ ਕਰਵਾਇਆ ਜਾਵੇ। ਡਿਪਟੀ ਕਮਿਸ਼ਨਰ ਐੱਮ.ਐੱਸ.ਜੱਗੀ ਨੇ ਕਿਹਾ ਕਿ ਡੇਂਗੂ ਬੁਖ਼ਾਰ ਦੇ ਪ੍ਰਭਾਵ ਨੂੰ ਰੋਕਣ ਲਈ ਪ੍ਰਸ਼ਾਸ਼ਨ ਵੱਲੋਂ ਲੋੜੀਂਦੇ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਡੇਂਗੂ ਬੁਖ਼ਾਰ ਦਾ ਟੈਸਟ ਅਤੇ ਸੁਪੋਰਟਿਵ ਇਲਾਜ਼ ਸਾਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ।