ਫ਼ਰੀਦਕੋਟ: ਜ਼ਿਲ੍ਹੇ ਵਿੱਚ ਡੇਂਗੂ ਦਾ ਕਹਿਰ ਜਾਰੀ ਹੈ। ਫ਼ਰੀਦਕੋਟ ਵਿੱਚ ਡੇਂਗੂ ਦੇ 241 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 189 ਮਾਮਲੇ ਸਿਰਫ ਕੋਟਕਪੂਰਾ ਦੇ ਹੀ ਹਨ। ਇਸ ਤੋਂ ਪਹਿਲਾਂ ਲੁਧਿਆਣਾ ਵਿੱਚ ਵੱਡੀ ਗਿਣਤੀ ਵਿੱਚ ਡੇਂਗੂ ਦੇ ਮਰੀਜ਼ ਹਸਪਤਾਲਾਂ ਵਿੱਚ ਪਹੁੰਚਣ ਦੀ ਖ਼ਬਰ ਸੀ, ਹੁਣ ਫ਼ਰੀਦਕੋਟ ਵਿੱਚ ਵੀ ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ।
ਜ਼ਿਲ੍ਹਾ ਫ਼ਰੀਦਕੋਟ ਦੇ ਕੋਟਕਪੂਰਾ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਡੇਂਗੂ ਬੁਖ਼ਾਰ ਹੋਣ ਕਾਰਨ ਹੁਣ ਸਿਹਤ ਵਿਭਾਗ ਦੀ ਡੇਂਗੂ ਫੈਲਣ ਦੇ ਬਾਅਦ ਨੀਂਦ ਖੁੱਲ੍ਹੀ ਹੈ। ਵਿਭਾਗ ਦੇ ਬਾਬੂਆਂ ਨੇ 300 ਵਰਕਰਾਂ ਸਮੇਤ ਜਗ੍ਹਾ-ਜਗ੍ਹ 'ਤੇ ਡੇਂਗੂ ਦਾ ਲਾਰਵਾ ਤਲਾਸ਼ਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਫ਼ਰੀਦਕੋਟ ਦੇ ਸਿਵਲ ਸਰਜਨ ਰਜਿੰਦਰ ਕੁਮਾਰ ਰਾਜੂ ਨੇ ਕਿਹਾ ਕਿ ਅੱਜ ਤਕ ਪੂਰੇ ਜ਼ਿਲ੍ਹੇ ਵਿੱਚ 241 ਦੇ ਕਰੀਬ ਕੇਸ ਸਾਹਮਣੇ ਆਏ ਹਨ, ਜਿਸ ਵਿੱਚੋਂ 189 ਦੇ ਕਰੀਬ ਕੋਟਕਪੂਰੇ ਦੇ ਹਨ। ਉਨ੍ਹਾਂ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਪੂਰੇ ਜ਼ਿਲ੍ਹੇ ਵਿੱਚ ਲਾਰਵੇ ਭਾਲ ਕੇ ਦਵਾਈ ਦਾ ਛਿੜਕਾਅ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਡੇਂਗੂ ਤੋਂ ਬਚਣ ਬਾਰੇ ਵਿੱਚ ਹਰ ਤਰ੍ਹਾਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸਾਡੀਆਂ ਕੋਸ਼ਿਸ਼ਾਂ ਦੇ ਬਾਵਜੂਦ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਸਿਵਲ ਸਰਜਨ ਮੁਤਾਬਕ ਕੋਟਕਪੂਰਾ ਵਿੱਚ 174 ਅਤੇ ਫ਼ਰੀਦਕੋਟ 'ਚ 124 ਚਲਾਨ ਵੀ ਕੀਤੇ ਜਾ ਚੁੱਕੇ ਹਨ।