ਨਵੀਂ ਦਿੱਲੀ: ਦੇਸ਼ 'ਚ ਡਾਕਟਰਾਂ ਦੀ ਲਾਪ੍ਰਵਾਹੀ ਦੇ ਕਿੱਸੇ ਆਮ ਹੀ ਸੁਣਨ ਨੂੰ ਮਿਲਦੇ ਰਹਿੰਦੇ ਹਨ। ਹੁਣ ਇਕ ਮਾਮਲਾ ਇਹ ਸਾਹਮਣੇ ਆਇਆ ਹੈ ਕਿ ਇਕ ਮਰੀਜ਼ ਔਰਤ ਆਪ੍ਰੇਸ਼ਨ ਟੇਬਲ 'ਤੇ ਹੈ ਤੇ ਡਾਕਟਰ ਉਸ ਵੱਲ ਧਿਆਨ ਦੇਣ ਦੀ ਬਜਾਏ ਆਪਸ 'ਚ ਝਗੜ ਰਹੇ ਹਨ। ਇਸੇ ਦੌਰਾਨ ਜਨਮ ਲੈਣ ਵਾਲੇ ਬੱਚੇ ਦੀ ਮੌਤ ਹੋ ਗਈ। ਇਹ ਘਟਨਾ ਰਾਜਸਥਾਨ ਦੇ ਜੋਧਪੁਰ 'ਚ ਸਥਿਤ ਉਮੇਦ ਹਸਪਤਾਲ ਦੀ ਹੈ | ਡਾਕਟਰਾਂ ਦੇ ਆਪਸੀ ਝਗੜੇ ਦੀ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ | ਜਾਣਕਾਰੀ ਅਨੁਸਾਰ ਉਕਤ ਔਰਤ ਬੇਹੋਸ਼ ਹੈ, ਜਿਸ ਦਾ ਜਲਦ ਆਪ੍ਰੇਸ਼ਨ ਕਰਨਾ ਜ਼ਰੂਰੀ ਸੀ, ਪਰ ਡਾ: ਅਸ਼ੋਕ ਨੈਨੀਵਾਲ ਤੇ ਡਾ: ਐੱਮ. ਐੱਲ. ਟਾਕ ਦੋਵੇਂ ਆਪ੍ਰੇਸ਼ਨ ਥੀਏਟਰ 'ਚ ਕਰੀਬ ਅੱਧੇ ਘੰਟੇ ਤੱਕ ਆਪਸ ਵਿਚ ਹੀ ਝਗੜਦੇ ਰਹੇ। ਹਸਪਤਾਲ ਪ੍ਰਸ਼ਾਸਨ ਨੇ ਉਨ੍ਹਾਂ ਤੋਂ ਇਸ ਹਰਕਤ 'ਤੇ ਜਵਾਬ ਮੰਗਦਿਆਂ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਹੈ।  ਡਾਕਟਰਾਂ ਦੀ ਇਸ ਲਾਪ੍ਰਵਾਹੀ ਤੋਂ ਨਾਰਾਜ਼ ਰਾਜਸਥਾਨ ਹਾਈ ਕੋਰਟ ਦੇ ਜਸਟਿਸ ਗੋਪਾਲਕ੍ਰਿਸ਼ਨ ਵਿਆਸ ਨੇ ਪੂਰੀ ਘਟਨਾ ਦੀ ਜਾਣਕਾਰੀ ਮੰਗੀ ਹੈ। ਦੂਜੇ ਪਾਸੇ ਸੂਬਾ ਮਹਿਲਾ ਕਮਿਸ਼ਨ ਦੀ ਪ੍ਰਧਾਨ ਸੁਮਨ ਸ਼ਰਮਾ ਨੇ ਹਸਪਤਾਲ ਦੇ ਪ੍ਰਧਾਨ ਨੂੰ ਇਕ ਸਤੰਬਰ ਨੂੰ ਤਲਬ ਕੀਤਾ ਹੈ। [embed]