ਚੰਡੀਗੜ੍ਹ: ਬੱਚਿਆਂ ਤੇ ਗਭਰੇਟਾਂ 'ਚ ਵੱਧ ਰਹੀ ਨਿਰਾਸ਼ਾ ਤੇ ਤਣਾਅ ਦੀ ਸਮੱਸਿਆ ਦੂਰ ਕਰਨ 'ਚ ਸੰਗੀਤ ਮਦਦਗਾਰ ਹੁੰਦਾ ਹੈ। ਇਹ ਗੱਲ ਬਰਤਾਨੀਆ ਦੇ ਖੋਜਾਰਥੀਆਂ ਦੇ ਇਕ ਅਧਿਐਨ 'ਚ ਸਾਹਮਣੇ ਆਈ ਹੈ। ਇਸ 'ਚ ਅੱਠ ਤੋਂ 16 ਸਾਲ ਦੇ 251 ਬੱਚਿਆਂ ਤੇ ਘੱਟ ਉਮਰ ਦੇ ਲੋਕਾਂ ਨੂੰ ਸੁਰ ਲਹਿਰੀਆਂ ਵਿਚਕਾਰ ਰੱਖ ਕੇ ਅਧਿਐਨ ਕੀਤਾ ਗਿਆ। ਇਸ 'ਚੋਂ ਕੁਝ ਨੂੰ ਮਨਪਸੰਦ ਸੰਗੀਤ ਸੁਣਾਉਂਦਿਆਂ ਇਲਾਜ ਕੀਤਾ ਗਿਆ ਜਦਕਿ ਕੁਝ ਨੂੰ ਬਗ਼ੈਰ ਸੰਗੀਤ ਦੇ ਆਮ ਇਲਾਜ ਦਿੱਤਾ ਗਿਆ।

ਸੰਗੀਤ ਸੁਣਨ ਵਾਲੇ ਬੱਚਿਆਂ ਦੇ ਇਲਾਜ ਦੇ ਨਤੀਜੇ ਉਤਸ਼ਾਹਤ ਕਰਨ ਵਾਲੇ ਰਹੇ ਜਦਕਿ ਸੰਗੀਤ ਨਾ ਸੁਣਨ ਵਾਲਿਆਂ ਨੂੰ ਫ਼ਾਇਦਾ ਮਿਲਣ ਦੀ ਰਫ਼ਤਾਰ ਘੱਟ ਰਹੀ। ਅਧਿਐਨ 'ਚ ਪਾਇਆ ਗਿਆ ਕਿ 13 ਸਾਲ ਤੋਂ ਘੱਟ ਉਮਰ ਦੇ ਗਭਰੇਟਾਂ 'ਚ ਸੰਗੀਤ ਥੈਰੇਪੀ ਨੇ ਦਿਮਾਗ਼ ਨੂੰ ਤੇਜ਼ ਕੀਤਾ। ਉਹ ਹਾਜ਼ਿਰ ਜਵਾਬ ਬਣੇ ਤੇ ਕੰਮਕਾਜ 'ਚ ਵਧੇਰੇ ਹੁਸ਼ਿਆਰ ਹੋਏ।

ਜਦਕਿ ਸਾਰੇ ਬੱਚਿਆਂ ਤੇ ਗਭਰੇਟਾਂ 'ਚ ਇਸ ਥੈਰੇਪੀ ਕਾਰਨ ਮਿਲ-ਜੁਲ ਕੇ ਕੰਮ ਕਰਨ ਤੇ ਹੋਰ ਸਮਾਜਿਕ ਕਾਰਜਾਂ 'ਚ ਦਿਲਚਸਪੀ ਵਧੀ ਹੋਈ ਪਾਈ ਗਈ। ਇਹ ਅਧਿਐਨ ਚਾਈਲਡ ਸਾਇਕਾਲੋਜੀ ਐਂਡ ਸਾਯੇਟੀ ਨਾਂ ਦੇ ਜਨਰਲ 'ਚ ਪ੍ਰਕਾਸ਼ਿਤ ਹੋਈ ਹੈ।