ਚੰਡੀਗੜ੍ਹ : ਮਾਨਸਾ ਦੇ ਸਰਦੂਲਗੜ੍ਹ ਤਹਿਸੀਲ ਦੇ ਪਿੰਡ ਜਟਾਣਾ ਖੁਰਦ 'ਚ ਕੈਂਸਰ ਨੇ ਹੁਣ ਤਕ ਛੇ ਕੀਮਤੀ ਜਾਨਾਂ ਲੈ ਲਈਆਂ ਹਨ ਤੇ ਦੋ ਹੋਰ ਪਿੰਡ ਵਾਸੀ ਇਸ ਭਿਆਨਕ ਬਿਮਾਰੀ ਤੋਂ ਪੀੜਤ ਹਨ ਜੋ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਪਿੰਡ ਵਾਸੀ ਗੁਲਾਬ ਸਿੰਘ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਉਨ੍ਹਾਂ ਦੇ ਤਾਏ ਦਾ ਪੁੱਤਰ ਮੰਦਰ ਸਿੰਘ (55), ਜਰਨੈਲ ਸਿੰਘ (60), ਜੀਵਾ ਸਿੰਘ (65), ਅਮਰਜੀਤ ਕੌਰ (42), ਬਿੰਦਰ ਕੌਰ (45) ਅਤੇ ਬਲਦੇਵ ਕੌਰ (62) ਦੇ ਨਾਂ ਸ਼ਾਮਿਲ ਹਨ।


ਅੰਗਰੇਜ ਕੌਰ (60) ਤੇ ਜਰਨੈਲ ਸਿੰਘ (65) ਇਸ ਬਿਮਾਰੀ ਤੋਂ ਪੀੜਤ ਹੋਣ ਕਾਰਨ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਜਰਨੈਲ ਸਿੰਘ ਦੇ ਪੁੱਤਰ ਸੰਭੂ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਨੂੰ ਡਾਕਟਰਾਂ ਨੇ ਸੰਗਰੂਰ ਤੋਂ ਜਵਾਬ ਦੇ ਦਿੱਤਾ ਹੈ। ਹੈਰਾਨੀ ਹੋਰ ਵੀ ਹੈ ਕਿ ਸਿਹਤ ਵਿਭਾਗ ਵੱਲੋਂ ਫੈਲਾਈ ਜਾਂਦੀ ਜਾਗਰੂਕਤਾ ਦੀ ਘਾਟ ਕਾਰਨ ਪਿੰਡ ਦਾ ਕੋਈ ਵੀ ਮਰੀਜ਼ ਹੁਣ ਤੱਕ ਕੈਂਸਰ ਦੇ ਇਲਾਜ ਮੌਕੇ ਦਿੱਤੀ ਜਾਂਦੀ ਸਰਕਾਰੀ ਮਦਦ ਨਹੀਂ ਲੈ ਸਕਿਆ।

ਪਿੰਡ ਦੇ ਲੋਕਾਂ ਨੇ ਕਿਹਾ ਕਿ ਸਾਡੇ ਪਿੰਡ ਵਿੱਚ ਕਦੇ ਵੀ ਕੋਈ ਵਿਸ਼ੇਸ਼ ਜਾਗਰੂਕਤਾ ਕੈਂਪ ਨਹੀਂ ਲੱਗਾ। ਪਿੰਡ ਵਿੱਚ ਕੋਈ ਵੀ ਸਰਕਾਰੀ ਹਸਪਤਾਲ ਜਾਂ ਡਿਸਪੈਂਸਰੀ ਨਾ ਹੋਣ ਕਾਰਨ ਲੋਕ ਨਿੱਜੀ ਡਾਕਟਰਾਂ ਜਾਂ ਪਿੰਡ ਵਿੱਚ ਹੀ ਦਵਾਈ ਬੂਟੀ ਕਰਨ ਵਾਲੇ ਘੱਟ ਯੋਗਤਾ ਵਾਲੇ ਦਵਾਈ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ 'ਤੇ ਨਿਰਭਰ ਹਨ।

ਪਿੰਡ ਦੇ ਸਾਬਕਾ ਸਰਪੰਚ ਅਮਰੀਕ ਸਿੰਘ ਨੇ ਕਿਹਾ ਕਿ ਹਰ ਪੰਦਰਾਂ ਦਿਨਾਂ ਬਾਅਦ ਭਾਖੜਾ ਨਹਿਰ ਦੀ ਬੰਦੀ ਹੋ ਜਾਣ ਕਾਰਨ ਪਿੰਡ ਦੇ ਲੋਕਾਂ ਨੂੰ ਮਜ਼ਬੂਰੀ ਵੱਸ ਧਰਤੀ ਹੇਠਲਾ ਪਾਣੀ ਹੀ ਪੀਣਾ ਪੈਂਦਾ ਹੈ।

ਬੰਦੀ ਕਾਰਨ ਨਹਿਰ ਦਾ ਪਾਣੀ ਕਾਲਾ ਹੋ ਜਾਂਦਾ ਹੈ ਜੋ ਬੰਦੀ ਤੋਂ ਬਾਅਦ ਜਲ ਘਰਾਂ ਦੇ ਟੈਂਕਾਂ ਤੱਕ ਪੁੱਜਦਾ ਹੈ। ਸੇਮ ਦੀ ਮਾਰ ਹੇਠ ਰਹਿਣ ਕਰਕੇ ਪਿੰਡ ਦਾ ਧਰਤੀ ਹੇਠਲਾ ਪਾਣੀ ਕੌੜਾ ਅਤੇ ਜ਼ਹਿਰੀ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਬਾਕੀ ਪਿੰਡ ਵਾਸੀਆਂ ਨੂੰ ਬਚਾਉਣ ਲਈ ਪਿੰਡ 'ਚ ਸਿਹਤ ਜਾਗਰੂਕਤਾ ਕੈਂਪ ਲਗਾਇਆ ਜਾਵੇ, ਧਰਤੀ ਹੇਠਲਾ ਪਾਣੀ ਚੈਕ ਕੀਤਾ ਜਾਵੇ। ਪਿੰਡ ਦੇ ਜਲ ਘਰ ਨੂੰ ਨਹਿਰ ਦੇ ਸ਼ੁੱਧ ਪਾਣੀ ਦੀ ਸਪਲਾਈ ਬੇਰੋਕ ਜਾਰੀ ਰੱਖੀ ਜਾਵੇ।