ਵਾਸ਼ਿੰਗਟਨ: ਅਮਰੀਕਾ 'ਚ ਇੱਕ ਪਿਤਾ ਵੱਲੋਂ ਆਪਣੀ ਹੀ ਧੀ ਨੂੰ ਕੁੱਟ-ਕੁੱਟ ਕੇ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਨਿਊਯਾਰਕ ਦੇ ਸ਼ਹਿਰੀ ਇਲਾਕੇ 'ਚ ਰਹਿਣ ਵਾਲੀ 21 ਮਹੀਨਿਆਂ ਦੀ ਮੈਡਾਕਸ ਨੂੰ ਅੱਖਾਂ ਦਾ ਕੈਂਸਰ ਸੀ। ਉਹ ਇਸ ਖ਼ਤਰਨਾਕ ਬਿਮਾਰੀ ਨਾਲ ਲੜੀ ਅਤੇ ਇਸ 'ਤੇ ਜਿੱਤ ਹਾਸਲ ਕੀਤੀ।

ਫਰਵਰੀ 2016 'ਚ ਅਚਾਨਕ ਮੈਡਾਕਸ ਘਰੋਂ ਲਾਪਤਾ ਹੋ ਗਈ। ਉਸ ਦਾ ਪਿਤਾ ਰਿਆਨ ਲਾਰੈਂਸ ਵੀ ਉਦੋਂ ਤੋਂ ਹੀ ਲਾਪਤਾ ਸੀ। ਘਰ ਛੱਡਣ ਤੋਂ ਪਹਿਲਾਂ ਉਹ ਆਪਣੀ ਪਤਨੀ ਲਈ ਇੱਕ ਸੂਚਨਾ ਛੱਡ ਗਿਆ ਸੀ, ਜਿਸ ਵਿਚ ਉਸ ਨੇ ਇਹ ਲਿਖਿਆ ਸੀ ਕਿ ਉਹ ਖ਼ੁਦ ਨੂੰ ਜਾਂ ਆਪਣੀ ਧੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਗੱਲ ਦੀ ਸੂਚਨਾ ਉਸ ਦੀ ਪਤਨੀ ਨੇ ਪੁਲਸ ਅਧਿਕਾਰੀਆਂ ਨੂੰ ਦਿੱਤੀ।

ਪੁਲਸ ਅਧਿਕਾਰੀਆਂ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ 22 ਫਰਵਰੀ ਨੂੰ ਪੁਲਸ ਨੂੰ ਸੂਚਨਾ ਮਿਲੀ ਕਿ ਰਿਆਨ ਲਾਰੈਂਸ ਨੂੰ ਸਿਰਾਕੂਜ ਤੋਂ ਕੁੱਝ ਦੂਰ ਬੈਲਡਵਿਨਸਵਿਲੇ 'ਚ ਇੱਕ ਦੁਕਾਨ 'ਤੇ ਦੇਖਿਆ ਗਿਆ ਹੈ। ਪੁਲਸ ਨੇ ਉਸ ਨੂੰ ਨਜ਼ਦੀਕੀ ਇੱਕ ਗਲੀ 'ਚੋਂ ਲੰਘਦਾ ਹੋਇਆ ਦੇਖਿਆ ਅਤੇ ਉਸ ਨੂੰ ਹਿਰਾਸਤ 'ਚ ਲੈ ਲਿਆ।

ਅਧਿਕਾਰੀਆਂ ਨੂੰ ਸਿਰਾਕੂਜ ਦੀ ਛੋਟੀ ਨਦੀ 'ਚੋਂ ਮੈਡਾਕਸ ਦੀ ਲਾਸ਼ ਵੀ ਮਿਲੀ, ਜਿਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ ਅਤੇ ਸਾੜਿਆ ਗਿਆ ਸੀ। 15 ਸਤੰਬਰ ਨੂੰ ਰਿਆਨ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੇ ਇਹ ਕਬੂਲ ਕੀਤਾ ਕਿ ਉਸ ਨੇ ਆਪਣੀ ਧੀ ਨੂੰ ਬੇਸ ਬੈਟ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਅਤੇ ਫਿਰ ਉਸ ਦੀ ਲਾਸ਼ ਨੂੰ ਨਦੀ ਵਿਚ ਸੁੱਟ ਦਿੱਤਾ ਸੀ।