ਚੰਡੀਗੜ੍ਹ: ਲਾਇਲਾਜ ਰੋਗਾਂ ਦੇ ਇਲਾਜ ਲਈ ਚੰਡੀਗੜ੍ਹ ਦੇ ਪੀ.ਜੀ.ਆਈ. ਨੂੰ ਨਵੀਂ ਤੋਂ ਨਵੀਂ ਤਕਨਾਲੋਜੀ ਇਸਤੇਮਾਲ ਕਰਨ ਲਈ ਜਾਣਿਆ ਜਾਂਦਾ ਹੈ। ਇੱਥੇ ਮੈਡੀਕਲ ਦੇ ਖੇਤਰ ਵਿੱਚ ਤਕਨਾਲੋਜੀ ਦੀ ਵਰਤੋਂ ਪੂਰੇ ਦੇਸ਼ ਵਿੱਚ ਸਭ ਤੋਂ ਅੱਗੇ ਮੰਨੀ ਜਾਂਦੀ ਹੈ। ਤਕਨਾਲੋਜੀ ਦੇ ਇਸਤੇਮਾਲ ਵਿੱਚ ਹੀ ਇੱਕ ਹੋਰ ਅਗਾਂਹਵਧੂ ਕਦਮ ਰੱਖਦੇ ਹੋਏ ਪੀ.ਜੀ.ਆਈ. ਨੇ ਆਪਣੇ ਇੱਥੇ ਇਲਾਜ ਕਰਾਉਣ ਆਉਣ ਵਾਲੇ ਮਰੀਜ਼ਾਂ ਨੂੰ ਲਾਈਨਾਂ ਲਾਉਣ ਦੀ ਖੇਚਲ ਤੋਂ ਵੀ ਮੁਕਤ ਕਰ ਦਿੱਤਾ ਹੈ।


ਪੀਜੀਆਈ ਨੇ ਇਨਫ਼ੋਰਮੇਸ਼ਨ ਤਕਨਾਲੋਜੀ ਨੂੰ ਇਸਤੇਮਾਲ ਕਰਦਿਆਂ ਪਹਿਲੀ ਵਾਰ ਓ.ਪੀ.ਡੀ. ਦੇ ਮਰੀਜ਼ਾਂ ਦੇ ਕਾਰਡ ਬਣਾਉਣ ਦਾ ਕੰਮ ਆਨਲਾਈਨ ਕਰ ਦਿੱਤਾ ਹੈ। ਹੁਣ ਮਰੀਜ਼ ਆਪਣੇ ਘਰ ਬੈਠੇ ਹੀ ਆਪਣਾ ਓ.ਪੀ.ਡੀ. ਕਾਰਡ ਬਣਾ ਸਕਦੇ ਹਨ ਤੇ ਮਿਥੇ ਦਿਨ ਤੇ ਸਮੇਂ ‘ਤੇ ਪੀ.ਜੀ.ਆਈ. ਆ ਕੇ ਆਪਣਾ ਇਲਾਜ ਕਰਾ ਸਕਦੇ ਹਨ। ਪੀ.ਜੀ.ਆਈ. ਦੇ ਬੁਲਾਰੇ ਨੇ ਇਸ ਬਾਰੇ ਦੱਸਿਆ ਕੇ ਪੀ.ਜੀ.ਆਈ. ‘ਚ ਓ.ਪੀ.ਡੀ. ਲਈ ਕਾਰਡ ਬਣਾਉਣ ਜਾਂ ਰਜਿਸਟ੍ਰੇਸ਼ਨ ਕਰਾਉਣ ਲਈ ਲੰਮੀਆਂ ਲਾਈਨਾਂ ਲੱਗਦੀਆਂ ਹਨ ਕਿਉਂਕਿ ਇੱਥੇ ਮਰੀਜ਼ਾਂ ਦੀ ਆਮਦ ਬਹੁਤ ਹੀ ਜ਼ਿਆਦਾ ਹੈ।

ਪੀ.ਜੀ.ਆਈ.ਵਿੱਚ ਹਰ ਰੋਜ਼ ਪੰਜ ਹਜ਼ਾਰ ਨਵੇਂ ਮਰੀਜ਼ ਆਉਂਦੇ ਹਨ। ਇਨ੍ਹਾਂ ਤੋਂ ਇਲਾਵਾ ਪੁਰਾਣੇ ਮਰੀਜ਼ਾਂ ਨੂੰ ਵੀ ਜਦੋਂ ਤੱਕ ਇਲਾਜ ਚੱਲਦਾ ਹੈ, ਇੱਥੇ ਮੁੜ ਆਉਣਾ ਪੈਂਦਾ ਹੈ। ਇਸ ਤਰ੍ਹਾਂ ਸਾਲ ‘ਚ 15 ਲੱਖ ਤੋਂ ਵੀ ਵੱਧ ਮਰੀਜ਼ ਪੀ.ਜੀ.ਆਈ. ‘ਚ ਆਉਂਦੇ ਹਨ। ਹਰ ਰੋਜ਼ ਪੰਜ ਹਜ਼ਾਰ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਤੇ ਕਾਰਡ ਬਣਾਉਣ ਲਈ ਨਾ ਕੇਵਲ ਸਮਾਂ ਲੱਗਦਾ ਹੈ, ਸਗੋਂ ਮਰੀਜ਼ਾਂ ਨੂੰ ਵੀ ਕਾਰਡ ਬਣਾਉਣ ਵਾਲੀ ਲਾਈਨ ਵਿੱਚ ਲੱਗਣ ਲਈ ਬਹੁਤ ਛੇਤੀ ਆਉਣਾ ਪੈਂਦਾ ਹੈ।

ਪੀ.ਜੀ.ਆਈ.‘ਚ ਆਉਣ ਵਾਲੇ ਬਹੁਤੇ ਮਰੀਜ਼ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਪਿੰਡਾਂ ‘ਚੋਂ ਆਉਂਦੇ ਹਨ। ਉਨ੍ਹਾਂ ਨੂੰ ਇੱਕ ਦਿਨ ਪਹਿਲਾਂ ਹੀ ਆਉਣਾ ਪੈਂਦਾ ਹੈ। ਇਸ ਸਮੱਸਿਆ ਨੂੰ ਵੇਖਦਿਆਂ ਪੀ.ਜੀ.ਆਈ. ਨੇ ਓ.ਪੀ.ਡੀ. ਦਾ ਰਜਿਸਟ੍ਰੇਸ਼ਨ ਤੇ ਕਾਰਡ ਬਣਾਉਣ ਦਾ ਕੰਮ ਆਨਲਾਈਨ ਕਰ ਦਿੱਤਾ ਹੈ। ਮਰੀਜ਼ ਆਪਣਾ ਰਜਿਸਟ੍ਰੇਸ਼ਨ ਕਰਾ ਕੇ ਮਿਥੇ ਸਮੇਂ ‘ਤੇ ਹੀ ਆਵੇ। ਇਸ ਲਈ ਮਰੀਜ਼ ਨੂੰ ਪੀ.ਜੀ.ਆਈ. ਦੀ ਵੈੱਬਸਾਈਟ ‘ਤੇ ਜਾ ਕੇ ਓ.ਪੀ.ਡੀ. ਕਲਿੱਕ ਕਰਨਾ ਹੁੰਦਾ ਹੈ।

ਇੱਥੇ ਜਾ ਕੇ ਮਰੀਜ਼ ਬਿਮਾਰੀ ਦੇ ਇਲਾਜ ਨਾਲ ਸਬੰਧਤ ਵਿਭਾਗ ਦੀ ਰਜਿਸਟ੍ਰੇਸ਼ਨ ਖੋਲ੍ਹਦਾ ਹੈ। ਇੱਥੇ ਮਰੀਜ਼ ਨੂੰ ਆਪਣਾ ਆਧਾਰ ਕਾਰਡ ਨੰਬਰ ਪਾਉਣਾ ਹੁੰਦਾ ਹੈ ਤੇ ਇਸ ਦੇ ਨਾਲ ਹੀ ਮਰੀਜ਼ ਨਾਲ ਸਬੰਧਤ ਸਾਰੀ ਜਾਣਕਾਰੀ ਖੁੱਲ੍ਹ ਜਾਂਦੀ ਹੈ। ਮਰੀਜ਼ ਕਿਸੇ ਵੀ ਕਰੈਡਿਟ ਜਾਂ ਡੈਬਿਟ ਕਾਰਡ ਰਾਹੀਂ ਫ਼ੀਸ ਜਮਾਂ ਕਰਾ ਸਕਦਾ ਹੈ।

ਇਸ ਤੋਂ ਬਾਅਦ ਮਰੀਜ਼ ਵੱਲੋਂ ਦਿੱਤੇ ਮੋਬਾਈਲ ਨੰਬਰ ‘ਤੇ ਓ.ਪੀ.ਡੀ. ਦੇ ਦਿਨ, ਸਮੇਂ, ਕਮਰਾ ਨੰਬਰ ਤੇ ਡਾਕਟਰ ਦਾ ਨਾਂ ਸਬੰਧੀ ਜਾਣਕਾਰੀ ਆ ਜਾਂਦੀ ਹੈ। ਪੀ.ਜੀ.ਆਈ. ਦੇ ਬੁਲਾਰੇ ਨੇ ਦੱਸਿਆ ਕੇ ਇਹ ਸੁਵਿਧਾ ਅੱਜ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਨਾਲ ਮਰੀਜ਼ਾਂ ਨੂੰ ਬਹੁਤ ਸਹੂਲਤ ਹੋ ਜਾਏਗੀ। ਉਨ੍ਹਾਂ ਦੱਸਿਆ ਕੇ ਛੇਤੀ ਹੀ ਲੈਬੋਰੇਟ੍ਰੀ ਦੇ ਟੈਸਟ ਦੀ ਰਿਪੋਰਟ ਵੀ ਸਿੱਧੇ ਹੀ ਡਾਕਟਰ ਦੇ ਕੰਪਿਊਟਰ ‘ਤੇ ਭੇਜ ਦਿੱਤੀ ਜਾਇਆ ਕਰੇਗੀ। ਇਸ ਨਾਲ ਮਰੀਜ਼ਾਂ ਨੂੰ ਰਿਪੋਰਟ ਲੈਣ ਲਈ ਵੀ ਲਾਈਨਾਂ ‘ਚ ਲੱਗਾਂ ਦੀ ਖੇਚਲ ਨਹੀਂ ਹੋਏਗੀ।