ਮੋਹਾਲੀ: ਕੁਰਾਲੀ ਇਲਾਕੇ ਅੰਦਰ ਵੱਖ-ਵੱਖ ਤੋਹਫ਼ਿਆਂ ਦਾ ਲਾਲਚ ਦੇ ਕੇ ਸਕੂਲੀ ਵਿਦਿਆਰਥੀਆਂ ਨੂੰ ਨਸ਼ਿਆਂ ਦੀ ਲਤ ਲਗਾਉਣ ਦੀ ਗੁੱਝੀ ਸਾਜ਼ਸ਼ ਸਾਹਮਣੇ ਆਈ ਹੈ। ਰੰਗ-ਬਿਰੰਗੇ ਪੈਕਟਾਂ ਵਿਚ ਵੇਚੇ ਜਾ ਰਹੇ ਗੁਟਖੇ ਅਤੇ ਪਾਨ ਮਸਾਲਾ ਕਈ ਪਿੰਡਾਂ ਵਿਚ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਇਸ ਸੱਭ ਤੋਂ ਪ੍ਰਸ਼ਾਸਨ ਬੇਖ਼ਬਰ ਹੈ, ਜਿਸ ਵਲ ਤੁਰਤ ਧਿਆਨ ਦੇਣ ਦੀ ਲੋੜ ਹੈ।
ਇਲਾਕੇ ਦੇ ਪਿੰਡਾਂ ਵਿਚ ਪਿਛਲੇ ਕੁੱਝ ਅਰਸੇ ਤੋਂ ਰੰਗ ਬਿਰੰਗੇ ਪੈਕਟਾਂ ਵਿਚ ਨਸ਼ਿਆਂ ਲਈ ਵਰਤੇ ਜਾਣ ਵਾਲੇ ਪਦਾਰਥ ਸ਼ਰ੍ਹੇਆਮ ਵੇਚੇ ਜਾ ਰਹੇ ਹਨ। ਇਹ ਪੈਕਟ ਵੇਚਣ ਲਈ ਸਕੂਲਾਂ ਦੇ ਨੇੜਲੀਆਂ ਦੁਕਾਨਾਂ ਨੂੰ ਕੇਂਦਰ ਬਿੰਦੂ ਬਣਾਇਆ ਜਾ ਰਿਹਾ ਹੈ। ਪੈਕਟਾਂ 'ਤੇ ਗੁਟਕਾ ਅਤੇ ਪਾਨ ਮਸਾਲਾ ਲਿਖਿਆ ਨਜਰੀ ਆਉਂਦਾ ਹੈ।
ਇਨ੍ਹਾਂ ਪੈਕਟਾਂ ਉਤੇ ਭਾਵੇਂ ਇਕ ਰੁਪਏ ਕੀਮਤ ਲਿਖੀ ਗਈ ਹੈ ਪਰ ਬੱਚਿਆਂ ਦੀ ਮੰਗ ਕਾਰਨ ਦੁਕਾਨਦਾਰ ਇਹ ਪੈਕੇਟ ਪੰਜ ਗੁਣਾ ਜ਼ਿਆਦਾ ਕੀਮਤ 'ਤੇ ਵੇਚ ਰਹੇ ਹਨ। ਕੁੱਝ ਪੈਕੇਟ ਤਾਂ ਅਜਿਹੇ ਹਨ ਜਿਨ੍ਹਾਂ 'ਤੇ ਸਿਰਫ਼ ਕੰਪਨੀ ਦਾ ਨਾਂ ਲਿਖਿਆ ਗਿਆ ਹੈ ਅਤੇ ਕੰਪਨੀ ਦਾ ਕੋਈ ਸਹੀ ਪਤਾ, ਫ਼ੋਨ ਨੰਬਰ ਜਾਂ ਈਮੇਲ ਅਡਰੈਸ ਨਹੀਂ ਹੈ।
ਇਥੇ ਹੀ ਬੱਸ ਨਹੀਂ ਬੱਚਿਆਂ ਨੂੰ ਲਾਲਚ ਦੇ ਕੇ ਗੁਟਖੇ ਅਤੇ ਪਾਨ ਮਸਾਲੇ ਦੀ ਲਤ ਲਗਾਉਣ ਦੇ ਮਨੋਰਥ ਨਾਲ ਇਨ੍ਹਾਂ ਪੈਕਟਾਂ ਵਿਚ ਤੋਹਫ਼ੇ ਪਾਏ ਗਏ ਹਨ। ਇਕ ਰੁਪਏ ਦੀ ਕੀਮਤ ਵਾਲੇ ਇਨ੍ਹਾਂ ਪੈਕਟਾਂ ਵਿਚੋਂ ਮੋਬਾਈਲ ਚਾਰਜਰ, ਮੋਬਾਈਲ ਕਵਰ ਅਤੇ ਮੋਬਾਈਲ ਸਕਰੀਨ ਗਾਰਡ ਦੇ ਤੋਹਫ਼ੇ ਵਧੇਰੇ ਨਿਕਲ ਰਹੇ ਹਨ। ਵਿਦਿਆਰਥੀਆਂ ਲਈ ਇਹ ਪੈਕੇਟ ਜਿਥੇ ਤੋਹਫ਼ਿਆਂ ਕਾਰਨ ਖਿੱਚ ਦਾ ਕਾਰਨ ਬਣੇ ਹੋਏ ਹਨ ਉਥੇ ਤੋਹਫ਼ੇ ਦੇ ਲਾਲਚ ਵਿਚ ਹੀ ਵਿਦਿਆਰਥੀ ਗੁਟਖ਼ਾ ਅਤੇ ਪਾਨ ਮਸਾਲਾ ਖਾਣ ਦੇ ਆਦੀ ਬਣਦੇ ਜਾ ਰਹੇ ਹਨ। ਇਹੀ ਨਹੀਂ ਕਾਲਜ ਵਿਦਿਆਰਥੀ ਵੀ ਇਨ੍ਹਾਂ ਦੀ ਵਰਤੋਂ ਖੁਲ੍ਹੇਆਮ ਤੇ ਧੜੱਲੇ ਨਾਲ ਕਰ ਰਹੇ ਹਨ।
ਨੇੜਲੇ ਪਿੰਡ ਕਾਲੇਵਾਲ ਦੇ ਐਜੂਸਟਾਰ ਸਕੂਲ ਦੇ ਅੱਗੇ ਕਈ ਦਿਨਾਂ ਤਕ ਇਹ ਪੈਕਟ ਵਿਕਣ ਤੋਂ ਬਾਅਦ ਹੁਣ ਹੋਰਨਾਂ ਪਿੰਡਾਂ ਦੀਆਂ ਦੁਕਾਨਾਂ 'ਤੇ ਸ਼ਰ੍ਹੇਆਮ ਵਿਕ ਰਹੇ ਹਨ। ਪਿੰਡ ਸਹੌੜਾਂ ਦੇ ਸਰਕਾਰੀ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਨੇ ਇਸ ਸਬੰਧੀ ਪਤਾ ਲੱਗਣ 'ਤੇ ਦੁਕਾਨਾਂ ਤੋਂ ਪੈਕਟ ਮੰਗਵਾਏ ਅਤੇ ਇਸ ਸਬੰਧੀ ਸੱਚ ਜਾਣਨ ਦੀ ਕੋਸ਼ਿਸ਼ ਕੀਤੀ। ਪ੍ਰਿੰ. ਰਛਪਾਲ ਸਿੰਘ, ਅਧਿਆਪਕ ਆਗੂ ਰਵਿੰਦਰ ਸਿੰਘ ਗਿੱਲ, ਸੁਨੀਲ ਮੰਡ ਅਤੇ ਹੋਰਨਾਂ ਨੇ ਦਸਿਆ ਕਿ ਮਾਮਲਾ ਧਿਆਨ ਵਿਚ ਆਉਣ ਤੋਂ ਬਾਅਦ ਉਹ ਇਸ ਸਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖ ਰਹੇ ਹਨ।