ਸਿਡਨੀ: ਅਕਸਰ ਇਹ ਮੰਨਿਆ ਜਾਂਦਾ ਹੈ ਕਿ ਔਰਤਾਂ ਸ਼ਰਾਬ ਪੀਣਾ ਪਸੰਦ ਨਹੀਂ ਕਰਦੀਆਂ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਔਰਤਾਂ ਵੀ ਪੁਰਸ਼ਾਂ ਦੇ ਬਰਾਬਰ ਹੀ ਸ਼ਰਾਬ ਦਾ ਸੇਵਨ ਕਰਦੀਆਂ ਹਨ। ਇਹ ਖ਼ੁਲਾਸਾ ਹਾਲ ਹੀ 'ਚ ਬੀ. ਐੱਮ. ਜੇ. ਓਪਨ ਮੈਡੀਕਲ ਜਰਨਲ 'ਚ ਪ੍ਰਕਾਸ਼ਿਤ ਇੱਕ ਰਿਪੋਰਟ 'ਚ ਹੋਇਆ ਹੈ। ਰਿਪੋਰਟ ਮੁਤਾਬਿਕ, ਔਰਤਾਂ ਨੂੰ ਸ਼ਰਾਬ ਪੀਣ ਤੋਂ ਬਾਅਦ ਸਿਹਤ ਸੰਬੰਧੀ ਸਮੱਸਿਆਵਾਂ, ਪੁਰਸ਼ਾਂ ਦੀ ਤੁਲਨਾ 'ਚ ਜ਼ਿਆਦਾ ਹੁੰਦੀਆਂ ਹਨ ਕਿਉਂਕਿ ਪੁਰਸ਼ਾਂ ਦੀ ਤੁਲਨਾ 'ਚ ਸ਼ਰਾਬ ਨੂੰ ਪਚਾਉਣ ਦੀ ਸਮਰੱਥਾ ਔਰਤਾਂ ਤੋਂ ਜ਼ਿਆਦਾ ਹੁੰਦੀ ਹੈ।

ਰਿਪੋਰਟ ਮੁਤਾਬਿਕ, ਇਸ ਖੋਜ 'ਚ 1981 ਤੋਂ 2001 ਦੇ ਵਿਚਾਲੇ ਜੰਮੇ 40 ਲੱਖ ਤੋਂ ਵੱਧ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਨਵੀਂ ਪੀੜੀ ਦੀਆਂ ਔਰਤਾਂ ਸ਼ਰਾਬ ਪੀਣ ਦੇ ਮਾਮਲੇ 'ਚ ਪੁਰਸ਼ਾਂ ਨੂੰ ਟੱਕਰ ਦੇ ਰਹੀਆਂ ਹਨ। ਰਿਪੋਰਟ ਮੁਤਾਬਿਕ, 20ਵੀਂ ਸਦੀ 'ਚ ਔਰਤਾਂ ਦੀ ਤੁਲਨਾ 'ਚ ਸ਼ਰਾਬ ਪੀਣ ਵਾਲੇ ਪੁਰਸ਼ਾਂ ਦੀ ਗਿਣਤੀ ਦੁੱਗਣੀ ਸੀ। ਦੂਜੇ ਪਾਸੇ ਇਸ ਨਾਲ ਸੰਬੰਧਿਤ ਬਿਮਾਰੀਆਂ ਵੀ ਔਰਤਾਂ ਦੀ ਤੁਲਨਾ 'ਚ ਪੁਰਸ਼ਾਂ 'ਚ ਤਿੰਨ ਗੁਣਾ ਜ਼ਿਆਦਾ ਸਨ ਪਰ ਸਾਲ 1980 ਤੋਂ ਬਾਅਦ ਸਥਿਤੀ 'ਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ। ਹੁਣ ਖ਼ਤਰਨਾਕ ਪੱਧਰ 'ਤੇ ਸ਼ਰਾਬ ਦਾ ਸੇਵਨ ਕਰਨ ਵਾਲੇ ਪੁਰਸ਼ਾਂ ਦੀ ਗਿਣਤੀ ਔਰਤਾਂ ਤੋਂ ਸਿਰਫ਼ 1.3 ਗੁਣਾ ਜ਼ਿਆਦਾ ਹੈ।

ਖੋਜਕਾਰਾਂ ਮੁਤਾਬਿਕ, ਨਵੀਂ ਸਦੀ 'ਚ ਔਰਤਾਂ ਦੀ ਬਦਲਦੀ ਭੂਮਿਕਾ ਕਾਰਨ ਇਹ ਬਦਲਾਅ ਇੱਕ ਵੱਡਾ ਕਾਰਨ ਹੋ ਸਕਦਾ ਹੈ। ਖੋਜਕਾਰ ਇਸ ਅਧਿਐਨ ਰਾਹੀ ਇਹ ਦੱਸਣਾ ਚਾਹੁੰਦੇ ਸਨ ਕਿ ਹੁਣ ਸ਼ਰਾਬ ਅਤੇ ਸ਼ਰਾਬ ਨਾਲ ਸੰਬੰਧਿਤ ਸਿਹਤ ਸਮੱਸਿਆਵਾਂ ਨੂੰ ਸਿਰਫ਼ ਪੁਰਸ਼ਾਂ ਦੇ ਦਾਇਰੇ 'ਚ ਸੀਮਤ ਨਹੀਂ ਰੱਖਿਆ ਜਾ ਸਕਦਾ ਹੈ।