ਲੰਡਨ: ਫਲੂ ਦੀ ਮਹਾਮਾਰੀ ਨਾਲ ਪੂਰੀ ਦੁਨੀਆ ਦੇ ਲੋਕਾਂ ਨੂੰ ਬਚਾਉਣ ਲਈ ਨਵਾਂ ਟੀਕਾ ਈਜਾਦ ਹੋ ਗਿਆ ਹੈ। ਬਰਤਾਨਵੀ ਖੋਜਾਰਥੀਆਂ ਨੇ ਅਜਿਹਾ ਟੀਕਾ ਵਿਕਸਤ ਕਰਨ ਦਾ ਦਾਅਵਾ ਕੀਤਾ ਹੈ ਜੋ ਪੂਰੀ ਦੁਨੀਆ ਦੇ ਵੱਖ-ਵੱਖ ਖੇਤਰਾਂ 'ਚ ਹੋਣ ਵਾਲੇ ਫਲੂ ਤੋਂ ਬਚਾਉਣ 'ਚ ਮਦਦਗਾਰ ਹੈ।
ਇਸ ਨਾਲ ਭਵਿੱਖ 'ਚ ਹੋਣ ਵਾਲੀਆਂ ਮਹਾਮਾਰੀਆਂ ਤੋਂ ਬਚਿਆ ਜਾ ਸਕੇਗਾ। ਨਵੇਂ ਯੂਨੀਵਰਸਲ ਟੀਕੇ ਨਾਲ ਲੱਖਾਂ ਲੋਕਾਂ ਦੀ ਜਾਨ ਵੀ ਬਚਾਈ ਜਾ ਸਕੇਗੀ। ਲੈਂਕਸਟਰ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਦੋ ਯੂਨੀਵਰਸਲ ਵੈਕਸੀਨ ਈਜਾਦ ਕੀਤੀਆਂ ਹਨ। ਇੱਕ ਟੀਕੇ ਨਾਲ 88 ਫ਼ੀਸਦੀ ਫਲੂ ਸਟ੍ਰੇਨ ਨੂੰ ਪ੍ਰਭਾਵਹੀਣ ਕੀਤਾ ਜਾ ਸਕਦਾ ਹੈ।
ਦੂਜਾ ਟੀਕਾ ਅਮਰੀਕਾ 'ਚ ਪਾਏ ਜਾਣ ਵਾਲੇ 95 ਫ਼ੀਸਦ ਇੰਫਲੁਆਂਜਾ ਸਟ੍ਰੇਨ ਨਾਲ ਹੋਣ ਵਾਲੇ ਬੁਖ਼ਾਰ ਨੂੰ ਰੋਕਣ 'ਚ ਸਮਰਥ ਹੈ। ਮਾਹਰਾਂ ਨੇ ਦੱਸਿਆ ਕਿ ਹਰ ਸਾਲ ਬੁਖਾਰ ਤੋਂ ਬਚਣ ਲਈ ਟੀਕਾਕਰਣ ਮੁਹਿੰਮ ਚਲਾਈ ਜਾਂਦੀ ਹੈ, ਜਿਸ 'ਚ ਮੌਜੂਦਾ ਫਲੂ ਸਟ੍ਰੇਨ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਆਮ ਤੌਰ 'ਤੇ ਇਹ ਮਦਦਗਾਰ ਸਿੱਧ ਹੁੰਦਾ ਹੈ, ਪਰ ਕਈ ਵਾਰ ਇਹ ਤਰੀਕਾ ਕੰਮ ਨਹੀਂ ਕਰਦਾ। ਅਜਿਹੇ 'ਚ ਯੂਨੀਵਰਸਲ ਵੈਕਸੀਨ ਕਾਰਗਰ ਹੋਵੇਗਾ।