ਲੰਡਨ: ਮੀਡੀਆ 'ਚ ਆਈ ਇੱਕ ਖ਼ਬਰ 'ਚ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਇਲਾਜ ਦਾ ਨਵਾਂ ਪ੍ਰੀਖਣ ਸਫਲ ਹੋ ਜਾਂਦਾ ਹੈ ਤਾਂ ਬ੍ਰਿਟਿਸ਼ ਵਿਗਿਆਨੀ ਐੱਚ. ਆਈ. ਵੀ. ਦੇ ਇਲਾਜ ਦੀ ਪੁਸ਼ਟੀ ਕਰਨ ਦੇ ਬਿਲਕੁਲ ਨਜ਼ਦੀਕ ਹਨ। ਬਿਨਾ ਇਲਾਜ ਵਾਲਾ ਇਹ ਵਿਸ਼ਾਣੂ ਘਾਤਕ ਬਿਮਾਰੀ ਏਡਜ਼ ਦਾ ਕਾਰਨ ਬਣਦਾ ਹੈ। ਐੱਚ. ਆਈ. ਵੀ. ਨਾਲ ਪ੍ਰਭਾਵਿਤ ਇੱਕ ਬ੍ਰਿਟਿਸ਼ ਵਿਅਕਤੀ ਨਵੀਂ ਥੈਰੇਪੀ ਦੀ ਮਦਦ ਨਾਲ ਇਸ ਬਿਮਾਰੀ ਤੋਂ ਮੁਕਤ ਹੋਣ ਵਾਲਾ ਵਿਸ਼ਵ ਦਾ ਪਹਿਲਾ ਵਿਅਕਤੀ ਬਣ ਸਕਦਾ ਹੈ।
ਬ੍ਰਿਟੇਨ ਦੀਆਂ ਪੰਜ ਮੁੱਖ ਯੂਨੀਵਰਸਿਟੀਆਂ ਆਕਸਫੋਰਡ ਯੂਨੀਵਰਸਿਟੀ, ਕੈਂਬਰਿਜ, ਇੰਪੀਰੀਅਲ ਕਾਲਜ ਲੰਡਨ, ਯੂਨੀਵਰਸਿਟੀ ਕਾਲਜ ਲੰਡਨ ਅਤੇ ਕਿੰਗਜ਼ ਕਾਲਜ ਲੰਡਨ ਦੇ ਵਿਗਿਆਨੀਆਂ ਅਤੇ ਡਾਕਟਰਾਂ ਨੇ ਇਹ ਇਲਾਜ ਤਿਆਰ ਕੀਤਾ ਹੈ। ਸਰੀਰ ਦੇ ਹਰ ਹਿੱਸੇ 'ਚ ਐੱਚ. ਆਈ. ਵੀ. ਨੂੰ ਖੋਜ ਕੇ ਨਸ਼ਟ ਕਰਨ ਵਾਲੀ ਇਹ ਪਹਿਲੀ ਥੈਰੇਪੀ ਹੈ। ਜੇਕਰ ਇਲਾਜ ਦਾ ਇਹ ਪ੍ਰੀਖਣ ਸਫਲ ਰਹਿੰਦਾ ਹੈ ਤਾਂ ਇਹ ਐੱਚ. ਆਈ. ਵੀ. ਦੇ ਇਲਾਜ ਦੀ ਆਸ਼ਾ ਪੈਦਾ ਕਰੇਗਾ ਅਤੇ ਦਵਾਈਆਂ 'ਤੇ ਖ਼ਰਚੇ ਹੋਣ ਵਾਲੇ ਲੱਖਾਂ ਪੌਂਡ ਬਚਾਏਗਾ।