ਚੰਡੀਗੜ੍ਹ : ਸਰਕਾਰੀ ਹਸਪਤਾਲ 'ਚ ਡਾਕਟਰਾਂ ਦੀ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਡਾਕਟਰ ਨੇ ਪੀੜਤ ਦੀ ਸੱਜੀ ਲੱਤ ਦੀ ਬਜਾਏ ਉਸ ਦੀ ਖੱਬੀ ਲੱਤ 'ਚ ਆਪ੍ਰੇਸ਼ਨ ਕਰ ਕੇ ਰਾਡ ਪਾ ਦਿੱਤੀ। ਸਿੱਧਵਾਂ ਬੇਟ ਲੁਧਿਆਣਾ ਮਾਰਗ 'ਤੇ ਰਘਵੀਰ ਸਿੰਘ ਮੋਟਰਸਾਈਕਲ 'ਤੇ ਜਾ ਰਿਹਾ ਸੀ। ਉਹ ਭੰਦੜੀ ਪਹੁੰਚਿਆ ਤਾਂ ਇੱਕ ਮੋਟਰਸਾਈਕਲ ਸਵਾਰ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ 108 ਐਬੂਲੈਂਸ ਰਾਹੀਂ

ਸਿਵਲ ਹਸਪਤਾਲ ਜਗਰਾਉਂ ਵਿਖੇ ਪਹੁੰਚਾਇਆ ਜਿੱਥੇ ਹਸਪਾਲ ਦੇ ਡਾਕਟਰਾਂ ਵੱਲੋਂ ਉਸ ਦੀ ਸੱਜੀ ਟੁੱਟੀ ਹੋਈ ਲੱਤ ਦਾ ਆਪ੍ਰੇਸ਼ਨ ਕੀਤਾ ਗਿਆ। ਇਸ ਆਪ੍ਰੇਸ਼ਨ 'ਚ ਡਾਕਟਰੀ ਟੀਮ ਦੀ ਅਗਵਾਈ ਡਾ. ਜਤਿੰਦਰ ਸਿਆਲ ਕਰ ਰਹੇ ਸਨ। ਜਦੋਂ ਮਰੀਜ ਨੂੰ ਆਪ੍ਰੇਸ਼ਨ ਥੀਏਟਰ 'ਚ ਲਿਜਾਇਆ ਗਿਆ ਤਾਂ ਬੇਹੋਸ਼ੀ ਦੀ ਹਾਲਤ 'ਚ ਡਾਕਟਰੀ ਟੀਮ ਦੀ ਘੋਰ ਅਣਗਹਿਲੀ ਕਾਰਨ ਮਰੀਜ਼ ਰਘਵੀਰ ਸਿੰਘ ਦੀ ਸੱਜੀ ਲੱਤ ਦਾ ਆਪ੍ਰੇਸ਼ਨ ਕਰਨ ਦੀ ਬਜਾਏ ਖੱਬੀ ਲੱਤ ਦਾ ਆਪ੍ਰੇਸ਼ਨ ਕਰ ਕੇ ਰਾਡ ਪਾ ਦਿੱਤੀ।

ਜਦੋਂ ਮਰੀਜ਼ ਰਘਵੀਰ ਸਿੰਘ ਨੂੰ ਹੋਸ਼ ਆਈ ਤਾਂ ਉਸ ਨੇ ਆਪਣੀ ਤਕਲੀਫ਼ ਦਾ ਖੁਲਾਸਾ ਕੀਤਾ ਤਾਂ ਡਾਕਟਰੀ ਟੀਮ ਨੂੰ ਆਪਣੀ ਅਣਗਹਿਲੀ ਦਾ ਅਹਿਸਾਸ ਹੋਇਆ ਤੇ ਪੀੜਤ ਪਰਿਵਾਰ ਗ਼ਰੀਬ ਹੋਣ ਕਰਕੇ ਅਤੇ ਸਿਵਲ ਹਸਪਤਾਲ ਜਗਰਾਉਂ ਟੀਮ ਵੱਲੋਂ ਆਪਣੀ ਗਲਤੀ ਨੂੰ ਛੁਪਾਉਣ ਲਈ ਜ਼ਖ਼ਮੀ ਰਘਵੀਰ ਸਿੰਘ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਾਲ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ।

ਜਦੋਂ ਪੀੜਤ ਪਰਿਵਾਰ ਫਰੀਦਕੋਟ ਦੇ ਸਰਕਾਰੀ ਹਸਪਤਾਲ ਪਹੁੰਚਿਆ ਤਾਂ ਉੱਥੋਂ ਦੀ ਡਾਕਟਰੀ ਟੀਮ ਨੇ ਦੱਸਿਆ ਕਿ ਲੱਤ ਦੀ ਹਾਲਤ ਬਹੁਤ ਹੀ ਜ਼ਿਆਦਾ ਖ਼ਰਾਬ ਹੈ ਜੋ ਕੱਟਣੀ ਵੀ ਪੈ ਸਕਦੀ ਹੈ ਤਾਂ ਗਰੀਬ ਪਰਿਵਾਰ ਨੇ ਤਰਲੇ-ਮਿੰਨਤਾਂ ਕਰਕੇ ਡਾਕਟਰਾਂ ਨੂੰ ਆਪ੍ਰੇਸ਼ਨ ਕਰਨ ਲਈ ਕਿਹਾ। ਰਘਵੀਰ ਸਿੰਘ ਨੇ ਦੱਸਿਆ ਕਿ ਉਸ ਦੀ ਲੱਤ 'ਤੇ 2 ਲੱਖ ਰੁਪਏ ਦਾ ਖ਼ਰਚਾ ਆ ਚੁੱਕਾ ਹੈ।

ਸਿਵਲ ਹਸਪਤਾਲ ਦੇ ਐੱਸਐੱਮਓ ਇਸ ਸਬੰਧੀ ਜਦੋਂ ਐੱਸਐੱਮਓ ਡਾ: ਸੁਖਜੀਵਨ ਕੱਕੜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਮੇਰੇ ਇਸ ਹਸਪਤਾਲ 'ਚ ਆਉਣ ਤੋਂ ਪਹਿਲਾਂ ਦਾ ਹੈ। ਜੇ ਪੀੜਤ ਪਰਿਵਾਰ ਸ਼ਿਕਾਇਤ ਕਰਦਾ ਹੈ ਤਾਂ ਮੈਂ ਇਸ ਮਾਮਲੇ ਦੀ ਪੜਤਾਲ ਕਰਾਂਗਾ ਅਤੇ ਜੇ ਡਾਕਟਰੀ ਟੀਮ ਦੋਸ਼ੀ ਪਾਈ ਗਈ ਤਾਂ ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਜ਼ਰੂਰ ਕਰਾਂਗਾ।

ਡਾਕਟਰ ਜਤਿੰਦਰ ਸਿਆਲ ਇਸ ਸਬੰਧੀ ਜਦੋਂ ਡਾ: ਜਤਿੰਦਰ ਸਿਆਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਕੋਈ ਵੀ ਕੇਸ ਮੇਰੇ ਧਿਆਨ 'ਚ ਨਹੀ ਹੈ ।