ਨਵੀਂ ਕਾਢ: ਹੁਣ ਬੱਚੇਦਾਨੀ ਦਾ ਟਰਾਂਸਪਲਾਂਟ
ਏਬੀਪੀ ਸਾਂਝਾ | 28 Nov 2016 05:08 PM (IST)
ਚੰਡੀਗੜ੍ਹ : ਖ਼ਰਾਬ ਜਾਂ ਨੁਕਸਾਨੇ ਹੋਏ ਅੰਗ ਬਦਲਣ ਸਬੰਧੀ ਗੁਰਦੇ, ਦਿਲ, ਚਮਡ਼ੀ, ਹੱਡੀਆਂ, ਅੱਖਾਂ ਦਾ ਸ਼ੀਸ਼ਾ (ਕੋਰਨੀਆਂ) ਅਤੇ ਲਬਲਬਾ/ਪੈਂਕਰੀਆਸ ਆਦਿ ਬਾਰੇ ਤਾਂ ਆਮ ਲੋਕਾਂ ਨੂੰ ਪਤਾ ਹੀ ਹੈ ਪਰ ਤਾਜ਼ੀ ਜਾਣਕਾਰੀ ਅਨੁਸਾਰ ਸਾਇੰਸਦਾਨ ਤੇ ਖੋਜੀ ਡਾਕਟਰਾਂ ਨੇ ਔਰਤਾਂ ਵਿੱਚ ਬੱਚੇਦਾਨੀ ਬਦਲਣ ਦਾ ਕੰਮ ਵੀ ਸਫ਼ਲਤਾਪੂਰਵਕ ਕਰ ਲਿਆ ਹੈ। ਕੁਝ ਦਿਨ ਪਹਿਲਾਂ ਹੀ ਅਮਰੀਕਾ ਦੇ ਕਲੀਵਲੈਂਡ ਕਲੀਨਿਕ ਵਿੱਚ ਬੱਚੇਦਾਨੀ ਦਾ ਪਹਿਲਾ ਟਰਾਂਸਪਲਾਂਟ ਕੀਤਾ ਗਿਆ। 25 ਫਰਵਰੀ ਵੀਰਵਾਰ ਵਾਲੇ ਦਿਨ ਨੌਂ ਘੰਟੇ ਚੱਲੇ ਇਸ ਸੰਘਰਸ਼ਪੂਰਣ ਅਪਰੇਸ਼ਨ ਤੋਂ ਬਾਅਦ 26 ਸਾਲਾਂ ਦੀ ਔਰਤ ਦੀ ਸਿਹਤ ਠੀਕ ਠਾਕ ਅਤੇ ਸਥਿਰ ਹੈ। ਤਕਰੀਬਨ ਇੱਕ ਸਾਲ ਦੇ ਸਮੇਂ ਤੋਂ ਬਾਅਦ ਇਹ ‘ਨਵੀਂ’ ਬੱਚੇਦਾਨੀ ਗਰਭਧਾਰਣ ਦੇ ਯੋਗ ਹੋ ਜਾਵੇਗੀ। ਇਸ ਦੌਰਾਨ ਅੰਗ ਨਾਕਾਰੇ ਜਾਣ ਤੋਂ ਬਚਾਉਣ ਲਈ ਦਵਾਈਆਂ ਨਾਲ ਐਡਜਸਟਮੈਂਟ ਅਤੇ ਅੰਦਰੋਂ ਜ਼ਖ਼ਮ ਰਾਜੀ ਹੋ ਜਾਵੇਗਾ। ਅਮਰੀਕਾ ਦੀ ਕਲੀਵਲੈਂਡ ਕਲੀਨਿਕ ਦੇ ਗਾਇਨੀ ਅਤੇ ਓਬਸਟੈਟਰਿਕ ਵਿਭਾਗ ਦੇ ਚੇਅਰਮੈਨ ਪ੍ਰੋਫੈਸਰ ਟਮੈਸੋ ਫੈਲਕੋਨ ਦੇ ਅਨੁਸਾਰ ਜਿਸ ਔਰਤ ਨੂੰ ਯੂਟਰਸ ਦੇ ਨੁਕਸ ਕਾਰਨ ਬਾਂਝਪਣ ਦੀ ਸਮੱਸਿਆ ਹੋਵੇ ਤਾਂ ਜੇਕਰ ਉਹ ਕਿਰਾਏ ਦੀ ਕੁੱਖ (ਸਰੋਗੇਸੀ) ਰਾਹੀਂ ਮਾਂ ਬਣੇ ਜਾਂ ਬੱਚਾ ਗੋਦ ਲਵੇ ਤਾਂ ਕਈ ਤਰ੍ਹਾਂ ਦੀਆਂ ਕਾਨੂੰਨੀ, ਸਮਾਜਿਕ ਤੇ ਸੰਸਕ੍ਰਿਤਕ ਉਲਝਣਾਂ ਪੈਦਾ ਹੁੰਦੀਆਂ ਹਨ। ਭਾਵੇਂ ਟਰਾਂਸਪਲਾਂਟ ਵਾਲਾ ਤਰੀਕਾ ਕਾਫ਼ੀ ਗੁੰਝਲਦਾਰ ਹੈ ਪਰ ਇਸ ਦੀ ਕਾਮਯਾਬੀ ਤੋਂ ਬਾਅਦ ਉਕਤ ਸਮੱਸਿਆਵਾਂ ਨਹੀਂ ਆਉਂਦੀਆਂ। ਇਹ ਵਿਧੀ ਈਜਾਦ ਕਰਨ ਵਾਲਾ ਪਹਿਲਾ ਮੁਲਕ ਸਵੀਡਨ ਹੈ ਜਿਸ ਦੀ ਗੋਥਨਬਰਗ ਯੂਨੀਵਰਸਿਟੀ ਦੇ ਗਾਇਨੀ ਤੇ ਓਬਸ ਵਿਭਾਗ ਦੇ ਚੇਅਰਮੈਨ, ਪ੍ਰੋਫੈਸਰ ਮਾਟਸ ਬ੍ਰੈਨਸਟ੍ਰੋਮਜੋ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਵਿਧੀ ਕਾਫ਼ੀ ਪ੍ਰਚੱਲਿਤ ਹੋ ਜਾਵੇਗੀ। ਸਵੀਡਨ ਵਿੱਚ ਪਹਿਲੀ ਵਾਰ ਇੰਗਲੈਂਡ ਸਰਕਾਰ ਨੇ 10 ਅੌਰਤਾਂ ਦੇ ਯੂਟਰਸ ਬਦਲਣ ਦੀ ਆਗਿਆ ਦਿੱਤੀ ਸੀ। ਅੰਗ ਬਦਲਣ ਦੇ ਸਿਲਸਿਲੇ ਵਿੱਚ ਜਦੋਂ 1968 ਵਿੱਚ ਦੱਖਣੀ ਅਫ਼ਰੀਕਾ ਦੇ ਸਰਜਨ ਡਾ. ਕ੍ਰਿਸਟੀਅਨ ਬ੍ਰਨਾਰਡ ਨੇ ਦੁਨੀਆਂ ਵਿੱਚ ਪਹਿਲੀ ਵਾਰ ਦਿਲ ਬਦਲਣ ਦਾ ਅਪ੍ਰੇਸ਼ਨ ਕੀਤਾ ਸੀ, ਉਦੋਂ ਕੁਝ ਹੀ ਮਹੀਨਿਆਂ ਵਿੱਚ ਮੁੰਬਈ ਦੇ ਡਾਕਟਰਾਂ ਦੀ ਟੀਮ ਨੇ ਛੇ ਦਿਲ ਟਰਾਂਂਸਪਲਾਂਟ ਕਰ ਦਿੱਤੇ ਸਨ। ਇਸ ਲਈ ਭਾਰਤ ਦੇ ਡਾਕਟਰ ਹੁਣ ਬੱਚੇਦਾਨੀ ਦੇ ਟਰਾਂਸਪਲਾਂਟ ਵਾਸਤੇ ਵੀ ਅੱਗੇ ਆ ਰਹੇ ਹਨ। ਸਵੀਡਨ ਦੀ ਗੋਠਨਬਰਗ ਯੂਨੀਵਰਸਿਟੀ ਵਿੱਚ ਇਸ ਤਰ੍ਹਾਂ ਦੇ ਨੌਂ ਟਰਾਂਸਪਲਾਂਟ ਹੋ ਚੁੱਕੇ ਹਨ ਜਿਨ੍ਹਾਂ ਵਿੱਚੋਂ ਪੰਜ ਔਰਤਾਂ ਗਰਭਵਤੀ ਹੋਈਆਂ ਸਨ। ਉਨ੍ਹਾਂ ਵਿੱਚੋਂ ਚਾਰ ਦੇ ਬੱਚੇ ਠੀਕ-ਠਾਕ ਹਨ। ਇਹ ਉਮੀਦ ਕੀਤੀ ਜਾਂਦੀ ਹੈ ਕਿ 2018 ਤਕ ਭਾਰਤ ਵਿੱਚ ਇਸ ਤਰ੍ਹਾਂ ਦੀ ਟਰਾਂਸਪਲਾਂਟਡ ਬੱਚੇਦਾਨੀ ਵਿੱਚੋਂ ਬੱਚਾ ਪੈਦਾ ਹੋ ਜਾਵੇਗਾ। ਪਿਛਲੇ ਸਾਲ ਕਰਨਾਟਕਾ ਦੇ ਕਸਤੂਰਬਾ ਮੈਡੀਕਲ ਕਾਲਜ ਵਿਖੇ ਬਾਂਝਪਣ ਵਿਸ਼ੇ ਉੱਤੇ ਲੈਕਚਰ ਦੇਣ ਆਏ ਡਾਕਟਰ ਮਾਟਸ ਬ੍ਰੈਨਸਟ੍ਰੋਮਜੋ ਨੇ ਦੱਸਿਆ ਕਿ ਬੰਗਲੌਰ ਸਮੇਤ ਕਈ ਸ਼ਹਿਰਾਂ ਦੇ ਬਾਂਝ ਜੋਡ਼ਿਆਂ ਨੇ ਉਸ ਨਾਲ ਸੰਪਰਕ ਕੀਤਾ ਹੈ ਅਤੇ ਉਹ ਕੁਝ ਕੇਂਦਰਾਂ ਵਿੱਚ ਬੱਚੇਦਾਨੀ ਬਦਲਣ ਦੀਆਂ ਸੰਭਾਵਨਾਵਾਂ ਦੀ ਘੋਖ ਕਰ ਰਿਹਾ ਹੈ। ਉਸ ਨੇ ਉਮੀਦ ਪ੍ਰਗਟ ਕੀਤੀ ਹੈ ਕਿ ਇਸ ਤਰ੍ਹਾਂ ਦੇ ਇਲਾਜ ਵਾਸਤੇ, ਦੱਖਣ ਏਸ਼ੀਆ ਵਿੱਚ ਭਾਰਤ ਪਹਿਲਾ ਮੁਲਕ ਹੋਵੇਗਾ ਤੇ ਉਮੀਦ ਕੀਤੀ ਜਾਂਦੀ ਹੈ ਕਿ ਇਸ ਵਿਧੀ ਨਾਲ ਸਾਲ 2018 ਵਿੱਚ ਭਾਰਤ ਵਿੱਚ ਪਹਿਲਾ ਬੱਚਾ ਪੈਦਾ ਹੋਵੇਗਾ। ਅੰਕੜਿਆਂ ਅਨੁਸਾਰ ਦੁਨੀਆਂ ਵਿੱਚ 4000 ਲੜਕੀਆਂ ਵਿੱਚੋਂ ਇੱਕ ਵਿੱਚ ਬੱਚੇਦਾਨੀ ਨਹੀਂ ਹੁੰਦੀ। ਸਵੀਡਨ ਦੇ ਇਸ ਸਫ਼ਲ ਤਜਰਬੇ ਤੋਂ ਬਾਅਦ ਅਮਰੀਕਾ (ਕਲੀਵਲੈਂਡ) ਵਾਲੇ ਯਤਨ ਤੋਂ ਬਹੁਤ ਉਮੀਦ ਰੱਖਦੇ ਹਨ। ਕਲੀਵਲੈਂਡ ਵਾਲੇ ਅਧਿਐਨ ਦੇ ਮੁੱਖ ਇਨਵੈਸਟੀਗੇਟਰ ਅਨੁਸਾਰ ਸਵੀਡਨ ਦੇ ਸਇੰਸਦਾਨਾਂ ਦੇ ਪ੍ਰਯੋਗਾਂ ਦੇ ਨਤੀਜੇ ਬਡ਼ੇ ਉਤਸ਼ਾਹਜਨਕ ਹਨ ਤੇ ਟਰਾਂਸਪਲਾਂਟਡ ਯੂਟਰਸ ਤੋਂ ਚੰਗੀ ਸਿਹਤ ਵਾਲੇ ਬੱਚੇ ਪੈਦਾ ਹੋਣਗੇ। ਯੂਟਰਸ ਦੀ ਇੱਕ ਅਜਿਹੀ (ਯੂਟੇਰਾਇਨ ਫੈਕਟਰ ਇਨਫਰਟਿਲਿਟੀ) ਸਥਿਤੀ ਹੈ ਜਿਸ ਵਿੱਚ ਅੌਰਤਾਂ ਵਿੱਚ ਜਮਾਂਦਰੂ ਹੀ ਬੱਚੇਦਾਨੀ ਨਹੀਂ ਹੁੰਦੀ ਤੇ ਜਾਂ ਇਹ ਕੰਮ ਨਹੀਂ ਕਰਦੀ। ਅਜਿਹੀ ਸਥਿਤੀ ਤਿੰਨ ਤੋਂ ਪੰਜ ਫ਼ੀਸਦੀ ਅੌਰਤਾਂ ਵਿੱਚ ਹੋ ਸਕਦੀ ਹੈ ਜਿਸ ਦਾ ਉਂਜ ਕੋਈ ਇਲਾਜ ਨਹੀਂ। ਪਹਿਲੇ ਕੇਸ ਵਿੱਚ 61 ਸਾਲਾਂ ਦੀ ਇੱਕ ਔਰਤ ਨੇ ਆਪਣੀ ਬੱਚੇਦਾਨੀ ਦਾਨ ਕੀਤੀ ਸੀ। ਤੇਰ੍ਹਾਂ ਸਾਲ ਦੀ ਜ਼ੋਰਦਾਰ ਖੋਜ ਅਤੇ ਅਧਿਐਨਾਂ ਪਿੱਛੋਂ ਜਾਨਵਰਾਂ ’ਤੇ ਤਜਰਬੇ ਕਰਨ ਤੋਂ ਬਾਅਦ ਇਨਸਾਨਾਂ ਵਾਸਤੇ ਇਹ ਵਿਧੀ ਵਰਤੀ ਗਈ ਸੀ। ਟਰਾਂਸਪਲਾਂਟ ਵਾਲੇ ਅੰਗਾਂ ਵਿੱਚੋਂ ਇਹ ਪਹਿਲਾ ਅੰਗ ਹੈ ਜਿਸ ਤੋਂ ਇੱਕ ਨਵਾਂ ਜੀਵਨ ਉਪਜਦਾ ਹੈ। ਕੋਚੀਨ ਦੇ ਡਾਕਟਰਾਂ ਨੇ 2015 ਵਿੱਚ ਇੱਕ ਮਰੀਜ਼ ਦੇ ਦੋਵੇਂ ਹੱਥ ਟਰਾਂਸਪਲਾਂਟ ਕੀਤੇ ਸਨ। ਕਲੀਵਲੈਂਡ ਕਲੀਨਿਕ (ਅਮਰੀਕਾ) ਮੁਤਾਬਿਕ ਯੂਟਰਸ ਟਰਾਂਸਪਲਾਂਟ ਤੋਂ ਇੱਕ ਸਾਲ ਦੇ ਸਮੇਂ ਵਿੱਚ ਅੰਦਰ ਤੇ ਬਾਹਰਲੇ ਜ਼ਖ਼ਮ ਮੁਕੰਮਲ ਤੌਰ ਉੱਤੇ ਭਰ ਜਾਂਦੇ ਹਨ। ਉਸ ਤੋਂ ਬਾਅਦ ਔਰਤ ਦੇ ਅੰਡੇ ਅਤੇ ਮਰਦ ਦੇ ਸ਼ੁਕਰਾਣੂ ਦਾ ਬੱਚੇਦਾਨੀ ਤੋਂ ਬਾਹਰ (ਇਨਵਿਟਰੋ-ਫਰਟਿਲਾਇਜ਼ੇਸ਼ਨ) ਮੇਲ ਕਰਵਾ ਕੇ ਯੂਟਰਸ ਵਿੱਚ ਰੱਖ ਦਿੱਤੇ ਜਾਂਦੇ ਹਨ। ਗਰਭ ਦੇ ਪੂਰੇ ਸਮੇਂ ਦੌਰਾਨ ਐਂਟੀਆਰਗਨ ਰਿਜੈਕਸ਼ਨ ਦਵਾਈਆਂ ਦੇਣੀਆਂ ਪੈਂਦੀਆਂ ਹਨ ਤੇ ਜਣੇਪੇ ਦੇ ਸਮੇਂ ਤਕ ਓਬਸਟੈਟਰਿਕ ਵਿਭਾਗ ਦੀ ਉੱਚ ਪੱਧਰੀ ਟੀਮ, ਪੂਰੀ ਸਥਿਤੀ ਨੂੰ ਵਾਚਦੀ ਹੈ। ਹਰੇਕ ਮਹੀਨੇ ਸਰਵਿਕਸ ਦੀ ਜਾਂਚ ਕੀਤੀ ਜਾਂਦੀ ਹੈ ਕਿ ਕਿਤੇ ਰਿਜੈਕਸ਼ਨ ਤਾਂ ਨਹੀਂ ਹੋ ਰਹੀ। ਜਣੇਪਾ ਸਿਜ਼ੇਰੀਅਨ ਅਪਰੇਸ਼ਨ ਨਾਲ ਹੀ ਕੀਤਾ ਜਾਂਦਾ ਹੈ। ਇੱਕ ਜਾਂ ਦੋ ਬੱਚੇ ਪੈਦਾ ਕਰਨ ਤੋਂ ਬਾਅਦ ਬੱਚੇਦਾਨੀ ਕੱਢ ਦਿੱਤੀ ਜਾਂਦੀ ਹੈ ਤੇ ਐਂਟੀਆਰਗਨ ਰਿਜੈਕਸ਼ਨ ਦਵਾਈਆਂ ਬੰਦ ਕਰ ਦਿੱਤੀਆਂ ਜਾਂਦੀਆਂ ਹਨ। ਇਸ ਲਈ ਯੂਟਰਸ ਦਾ ਟਰਾਂਸਪਲਾਂਟ ਆਰਜ਼ੀ ਹੁੰਦਾ ਹੈ।