ਜਲੰਧਰ: ਸਿਹਤ ਮੰਤਰੀ ਬ੍ਰਹਮ ਮਹਿੰਦਰਾ ਕੋਲ ਨਸ਼ਿਆਂ ਦੀ ਸਮੱਸਿਆ ਬਾਰੇ ਕੋਈ ਠੋਸ ਜਵਾਬ ਨਹੀਂ। ਉਹ ਦਾਅਵੇ ਤਾਂ ਕਰਦੇ ਹਨ ਪਰ ਜਦੋਂ ਨਸ਼ਿਆਂ ਨਾਲ ਤਾਜ਼ਾ ਮੌਤਾਂ ਬਾਰੇ ਪੁੱਛਿਆ ਤਾਂ ਉਹ ਸਵਾਲਾਂ ਨੂੰ ਟਾਲਦੇ ਨਜ਼ਰ ਆਏ।


 

ਦਰਅਸਲ ਸਿਹਤ ਮੰਤਰੀ ਕੌਮਾਂਤਰੀ ਨਸ਼ਾ ਵਿਰੋਧੀ ਦਿਹਾੜੇ 'ਤੇ ਫਗਵਾੜਾ ਦੀ ਯੂਨੀਵਰਸਿਟੀ ਵਿੱਚ ਪੰਜਾਬ ਸਰਕਾਰ ਵੱਲੋਂ ਸੂਬਾ ਪੱਧਰੀ ਸਮਾਗਮ ਵਿੱਚ ਪਹੁੰਚੇ ਸੀ। ਸਮਾਗਮ ਤੋਂ ਬਾਅਦ ਜਦੋਂ ਸਿਹਤ ਮੰਤਰੀ ਨੂੰ ਨਸ਼ੇ ਨਾਲ ਹੋ ਰਹੀਆਂ ਮੌਤਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਇਸ ਨੂੰ ਮੰਦਭਾਗੀ ਘਟਨਾ ਦੱਸ ਕੇ ਹੀ ਸਾਰ ਦਿੱਤਾ। ਮੈਡੀਕਲ ਨਸ਼ੇ 'ਤੇ ਸਰਕਾਰ ਕਿਉਂ ਕੰਟਰੋਲ ਨਹੀਂ ਕਰ ਪਾ ਰਹੀ, ਇਸ ਦਾ ਵੀ ਉਨ੍ਹਾਂ ਕੋਈ ਸਿੱਧਾ-ਸਿੱਧਾ ਜਵਾਬ ਨਹੀਂ ਦਿੱਤਾ।

ਕੈਪਟਨ ਸਰਕਾਰ ਕਪੂਰਥਲਾ ਵਿੱਚ ਔਰਤਾਂ ਲਈ ਨਸ਼ਾ ਛੁਡਾਓ ਕੇਂਦਰ ਖੋਲ੍ਹ ਰਹੀ ਹੈ। ਇਸ ਦਾ ਉਦਘਾਟਨ ਅੱਜ ਸਿਹਤ ਮੰਤਰੀ ਨੇ ਕੀਤਾ ਹੈ। ਇਸ ਬਾਰੇ ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਨਵੇਂ ਨਸ਼ਾ ਛੁਡਾਓ ਕੇਂਦਰ ਕਿਉਂ ਖੋਲ੍ਹੇ ਜਾ ਰਹੇ ਹਨ, ਇਸ ਦਾ ਮਤਲਬ ਪੰਜਾਬ ਵਿੱਚ ਨਸ਼ਾ ਵਧ ਰਿਹਾ ਹੈ ਤਾਂ ਵੀ ਸਿਹਤ ਮੰਤਰੀ ਕੋਈ ਸਿੱਧਾ ਜਵਾਬ ਨਹੀਂ ਦੇ ਸਕੇ। ਇਸ ਤੋਂ ਬਾਅਦ ਉਹ ਗੱਡੀ ਵਿੱਚ ਬੈਠ ਕੇ ਨਿਕਲ ਗਏ।

ਇੱਕ ਸਵਾਲ ਸਿਹਤ ਮੰਤਰੀ ਨੇ ਸੁਣਨਾ ਵਾਜ਼ਬ ਨਹੀਂ ਸਮਝਿਆ

ਨਸ਼ੇ ਨਾਲ ਲਗਾਤਾਰ ਹੋ ਰਹੀਆਂ ਮੌਤਾਂ ਤੋਂ ਤੰਗ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਸਰਕਾਰ ਖਿਲਾਫ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਨੂੰ ਨਾਂ ਦਿੱਤਾ ਗਿਆ ਹੈ 'ਚਿੱਟੇ ਦੇ ਵਿਰੋਧ ਵਿੱਚ ਕਾਲਾ ਹਫਤਾ'। ਲੋਕ ਸੋਸ਼ਲ ਮੀਡੀਆ 'ਤੇ ਕਹਿ ਰਹੇ ਹਨ ਕਿ ਇੱਕ ਤੋਂ ਸੱਤ ਜੁਲਾਈ ਤੱਕ ਸਰਕਾਰ ਖਿਲਾਫ ਰੋਸ ਜਤਾਇਆ ਜਾਵੇਗਾ। ਇਸ ਮੁਹਿੰਮ ਵਿੱਚ ਦੂਜੇ ਸੂਬਿਆਂ ਦੇ ਲੋਕ ਵੀ ਸ਼ਾਮਲ ਹੋ ਕੇ ਸਰਕਾਰ ਖਿਲਾਫ ਰੋਸ ਪ੍ਰਗਟਾ ਰਹੇ ਹਨ। ਮੰਤਰੀ ਇਹ ਬਾਰੇ ਕੁਝ ਕਹਿਣ ਤੋਂ ਪਹਿਲਾਂ ਹੀ ਖਿਸਕ ਗਏ।