ਨਵੀਂ ਦਿੱਲੀ : ਡੈਂਟਲ ਕਾਲਜਾਂ 'ਚ ਹੋਣ ਵਾਲੀਆਂ ਗੜਬੜੀਆਂ 'ਤੇ ਲਗਾਮ ਲਗਾਉਣ ਦੇ ਇਰਾਦੇ ਨਾਲ ਹੁਣ ਉਸ ਦੇ ਕੈਂਪਸ ਦੇ ਵੀਡੀਓ ਦਾ ਸਿੱਧਾ ਪ੍ਰਸਾਰਣ ਵੈੱਬਸਾਈਟ ਦੇ ਜ਼ਰੀਏ ਕੀਤਾ ਜਾਏਗਾ। ਡੈਂਟਲ ਕਾਲਜਾਂ ਦੀ ਨਿਗਰਾਨੀ ਰੱਖਣ ਵਾਲੀ ਭਾਰਤੀ ਡੈਂਟਲ ਮੈਡੀਕਲ ਕੌਂਸਲ ਨੇ 15 ਦਸੰਬਰ ਤੋਂ ਇਸ ਨੂੰ ਲਾਜ਼ਮੀ ਕਰਨ ਦਾ ਫ਼ੈਸਲਾ ਕੀਤਾ ਹੈ। ਨਾਲ ਹੀ ਸਾਰੇ ਡੈਂਟਲ ਕਾਲਜਾਂ ਦੇ ਮੁਖੀਆਂ ਨੂੰ ਖ਼ੁਦ ਕੌਂਸਲ 'ਚ ਪਹੁੰਚ ਕੇ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਵਿਦਿਆਰਥੀਆਂ ਨਾਲ ਸਬੰਧਤ ਸਾਰੀਆਂ ਤਾਜ਼ਾ ਸੂਚਨਾਵਾਂ ਉਨ੍ਹਾਂ ਦੀ ਵੈੱਬਸਾਈਟ 'ਤੇ ਉਪਲੱਬਧ ਹੋਣ।
ਭਾਰਤੀ ਡੈਂਟਲ ਮੈਡੀਕਲ ਕੌਂਸਲ ਨੇ ਦੇਸ਼ ਦੇ ਸਾਰੇ ਡੈਂਟਲ ਕਾਲਜਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਆਪਣੇ ਕੰਪਲੈਕਸ ਦੇ ਦੱਸੇ ਜਾ ਰਹੇ ਸਥਾਨਾਂ 'ਤੇ ਸੀਸੀਟੀਵੀ ਕੈਮਰੇ ਲਗਾ ਲੈਣ। ਨਾਲ ਹੀ ਉਨ੍ਹਾਂ ਨੂੰ ਇੰਟਰਨੈੱਟ ਨਾਲ ਜੋੜ ਕੇ ਕੌਂਸਲ ਨੂੰ ਇਸ ਤਰ੍ਹਾਂ ਮੁਹੱਈਆ ਕਰਾਉਣ ਕਿ ਇਸ ਨੂੰ ਕਿਸੇ ਵੀ ਸਮੇਂ ਲਾਈਵ ਦੇਖਿਆ ਜਾ ਸਕੇ।
ਇਸ ਲਾਈਵ ਫੀਡ ਨੂੰ ਕੌਂਸਲ ਦੀ ਵੈੱਬਸਾਈਟ ਦੇ ਜ਼ਰੀਏ ਆਮ ਲੋਕਾਂ ਨੂੰ ਵੀ ਉਪਲੱਬਧ ਕਰਾਇਆ ਜਾਏਗਾ। ਕਾਲਜਾਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਇਕ ਮਹੀਨੇ ਦੇ ਅੰਦਰ ਜੇਕਰ ਉਨ੍ਹਾਂ ਨੇ ਇਹ ਸਹੂਲਤ ਮੁਹੱਈਆ ਨਹੀਂ ਕਰਵਾਈ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਏਗੀ।
ਕੌਂਸਲ ਨੇ ਕਿਹਾ ਹੈ ਕਿ ਦੇਸ਼ ਭਰ 'ਚ ਡੈਂਟਲ ਮੈਡੀਕਲ ਸਿੱਖਿਆ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਅਤੇ ਪੂਰੇ ਕੰਮਕਾਜ 'ਚ ਪਾਰਦਰਸ਼ਿਤਾ ਲਿਆਉਣ ਲਈ ਇਹ ਕੀਤਾ ਜਾ ਰਿਹਾ ਹੈ। ਇਸ ਤਹਿਤ ਕਾਲਜਾਂ ਨੂੰ ਓਪੀਡੀ ਰਜਿਸਟਰੇਸ਼ਨ ਕਾਊਂਟਰ, ਕੋਈ ਇਕ ਲੈਕਚਰ ਹਾਲ ਅਤੇ ਅਧਿਆਪਕਾਂ ਦੀ ਬਾਇਓਮੀਟਿ੍ਰਕ ਮੌਜੂਦਗੀ ਦਰਜ ਕਰਨ ਵਾਲੀ ਮਸ਼ੀਨ ਵਾਲੇ ਇਲਾਕੇ ਦੀ ਸੀਸੀਟੀਵੀ ਕਵਰੇਜ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।