ਚੰਡੀਗੜ੍ਹ: ਕੈਨੇਡਾ ਦੇ ਖੋਜਕਾਰਾਂ ਨੇ ਬੱਚਿਆਂ ਲਈ ਖ਼ਤਰਨਾਕ ਬੈਕਟੀਰੀਆ ਦਾ ਪਤਾ ਲਾਉਣ ਦਾ ਦਾਅਵਾ ਕੀਤਾ ਹੈ। ਆਮ ਤੌਰ 'ਤੇ ਗਲ਼ੇ 'ਚ ਮਿਲਣ ਵਾਲੇ ਇਸ ਬੈਕਟੀਰੀਆ ਦੀ ਪਛਾਣ ਕਿੰਜੇਲਾ ਕਿੰਜੀ ਵਜੋਂ ਕੀਤੀ ਗਈ ਹੈ। ਇਹ ਬੱਚਿਆਂ 'ਚ ਹੱਡੀ ਤੇ ਜੋੜਾਂ ਦੀ ਇਨਫੈਕਸ਼ਨ ਲਈ ਜ਼ਿੰਮੇਵਾਰ ਹੈ। ਸਮੇਂ 'ਤੇ ਇਲਾਜ ਨਾ ਹੋਣ ਕਾਰਨ ਇਹ ਜਾਨਲੇਵਾ ਹੋ ਜਾਂਦਾ ਹੈ।
ਇਸ ਕਾਰਨ ਤੁਰਨ ਫਿਰਨ 'ਚ ਵੀ ਦਿੱਕਤ ਆਉਂਦੀ ਹੈ। ਹਾਲੇ ਤੱਕ ਬੱਚਿਆਂ 'ਚ ਹੋਣ ਵਾਲੀ ਇਨਫੈਕਸ਼ਨ ਲਈ ਦੂਸਰੇ ਬੈਕਟੀਰੀਆ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਸੀ। ਯੂਨੀਵਰਸਿਟੀ ਆਫ਼ ਮੌਂਟਰੀਅਲ ਦੇ ਮਾਹਿਰਾਂ ਦੇ ਤਾਜ਼ਾ ਅਧਿਐਨ ਤੋਂ ਬਾਅਦ ਬੱਚਿਆਂ ਦੀਆਂ ਹੱਡੀਆਂ ਤੇ ਜੋੜਾਂ 'ਚ ਹੋਣ ਵਾਲੀ ਇਨਫੈਕਸ਼ਨ ਦਾ ਬਿਹਤਰ ਇਲਾਜ ਸੰਭਵ ਹੋ ਸਕੇਗਾ।
ਜੋਸਲਿਨ ਗੈਵਲ ਨੇ ਦੱਸਿਆ ਕਿ ਬੱਚਿਆਂ 'ਚ ਹੋਣ ਵਾਲੀ 70 ਫ਼ੀਸਦੀ ਇਨਫੈਕਸ਼ਨ ਇਸੇ ਕਾਰਨ ਹੁੰਦੀ ਹੈ। ਹੁਣ ਇਸ ਦੀ ਨਵੀਂ ਤੇ ਕਾਰਗਰ ਦਵਾਈ ਵਿਕਸਤ ਕਰਨ ਦੀ ਉਮੀਦ ਵੀ ਜਾਗੀ ਹੈ।