ਚੰਡੀਗੜ੍ਹ: ਰੋਜ਼ ਸਵੇਰੇ ਨਾਸ਼ਤੇ 'ਚ ਰੇਸ਼ਾ (ਫਾਈਬਰ) ਨਾਲ ਭਰਪੂਰ ਅੰਨ, ਫ਼ਲ ਤੇ ਸਬਜ਼ੀਆਂ ਦੇ ਸੇਵਨ ਨਾਲ ਤੁਹਾਡੀਆਂ ਹੱਡੀਆਂ ਮਜ਼ਬੂਤ ਰਹਿਣਗੀਆਂ। ਅਜਿਹਾ ਭੋਜਨ ਗ੍ਰਹਿਣ ਕਰਨ ਨਾਲ ਤੁਸੀਂ ਗਠੀਆ ਤੇ ਜੋੜਾਂ ਦੇ ਦਰਦ ਵਰਗੀਆਂ ਸ਼ਿਕਾਇਤਾਂ ਤੋਂ ਮੁਕਤ ਰਹੋਗੇ।

ਜਰਮਨੀ ਦੇ ਵਿਗਿਆਨੀਆਂ ਮੁਤਾਬਕ ਰੇਸ਼ੇ ਵਾਲੇ ਭੋਜਨ ਦਾ ਸਿੱਧਾ ਅਸਰ ਅੰਤੜੀਆਂ 'ਚ ਮੌਜੂਦ ਬੈਕਟੀਰੀਆ 'ਤੇ ਪੈਂਦਾ ਹੈ। ਇਹ ਬੈਕਟੀਰੀਆ ਪਾਚਨ ਕਿਰਿਆ ਵੇਲੇ ਫਾਈਬਰ ਨੂੰ ਫੈਟੀ ਐਸਿਡ ਵਰਗੇ ਹੋਰ ਤੱਤਾਂ 'ਚ ਤੋੜ ਦਿੰਦਾ ਹੈ। ਫੈਟੀ ਐਸਿਡ ਜੋੜਾਂ ਤੇ ਹੱਡੀਆਂ ਨੂੰ ਮਜਬੂਤ ਕਰਨ ਦੇ ਨਾਲ ਹੀ ਉਨ੍ਹਾਂ ਦੀ ਕਾਰਜ ਸਮਰੱਥਾ ਵੀ ਵਧਾਉਂਦਾ ਹੈ।

ਅੰਤੜੀ 'ਚ ਮੌਜੂਦ ਇਹ ਬੈਕਟੀਰੀਆ ਸਰੀਰ ਨੂੰ ਊਰਜਾ ਦੇਣ ਦੇ ਨਾਲ ਹੀ ਕਈ ਬਿਮਾਰੀਆਂ ਦੇ ਜਨਕ ਵਾਂਗ ਕਾਰਜ ਕਰਨ ਲੱਗਦਾ ਹੈ ਪਰ ਫਾਈਬਰ ਵਾਲਾ ਭੋਜਨ ਕਰਨ ਨਾਲ ਬੈਕਟੀਰੀਆ ਦੇ ਢਾਂਚੇ 'ਚ ਬਦਲ ਜਾਂਦਾ ਹੈ ਤੇ ਵੱਧ ਤੋਂ ਵੱਧ ਫੈਟੀ ਐਸਿਡ ਦਾ ਨਿਰਮਾਣ ਹੁੰਦਾ ਹੈ।

ਜਰਨਲ ਨੇਚਰ ਕਮਿਊਨੀਕੇਸ਼ਨਸ 'ਚ ਪ੍ਰਕਾਸ਼ਿਤ ਖੋਜ 'ਚ ਵਿਗਿਆਨੀ ਮਾਰੀਓ ਜਾਈਸ ਨੇ ਕਿਹਾ ਹੈ ਕਿ ਇਸ ਅਧਿਐਨ ਦੀ ਮਦਦ ਨਾਲ ਹੱਡੀਆਂ 'ਚ ਹੋਣ ਵਾਲੀ ਸੋਜ ਤੇ ਹੋਰ ਰੋਗਾਂ ਦੇ ਇਲਾਜ ਲਈ ਨਵੇਂ ਇਲਾਜ ਲੱਭੇ ਜਾ ਸਕਣਗੇ।